ਦੇਸ਼ ਦੀ ਸਭ ਤੋਂ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਦੇ ਚਾਂਸਲਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਹੈ ਕੈਂਪਸ ‘ਚ ਕਿਸੇ ਵੀ ਪ੍ਰਕਾਰ ਦੇ ਅਮਰੀਕੀ ਉਤਪਾਦ ਦੀ ਵਿਕਰੀ ਨਹੀਂ ਹੋਵੇਗੀ।
27 ਅਗਸਤ ਕੱਰ ਟੈਰਿਫ਼ ‘ਤੇ ਨਹੀਂ ਹਟਾਉਂਦਾ US ਤਾਂ ਚੁੱਕਣਗੇ ਕਦਮ
ਦਰਅਸਲ, ਅਸ਼ੋਕ ਮਿੱਤਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇੱਕ ਖੁਲ੍ਹੀ ਚਿੱਠੀ ਲਿਖੀ ਸੀ ਕਿ ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੀ ਬਜਾਏ ਇਸ ਮੁੱਦੇ ਨੂੰ ਗੱਲਬਾਤ ਤੇ ਸਹਿਯੋਗ ਨਾਲ ਸੁਲਝਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਹੁਣ ਮਿੱਤਲ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਅਮਰੀਕਾ 27 ਅਗਸਤ ਤੋਂ ਬਾਅਦ ਵੀ ਟੈਰਿਫ਼ ਲਗਾਉਣ ‘ਤੇ ਅੜਿਆ ਰਹਿੰਦਾ ਹੈ ਤੇ ਐਲਪੀਯੂ ਦੇ ਪੂਰੇ ਕੈਂਪਸ ‘ਚ ਅਮਰੀਕੀ ਵਸਤੂਆਂ ਦਾ ਬਾਈਕਾਟ ਕੀਤਾ ਜਾਵੇਗਾ।
ਦੱਸ ਦੇਈਏ ਕਿ ਹਾਲ ਹੀ ‘ਚ ਅਮਰੀਕਾ ਨੇ ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦਾ ਫੈਸਲਾ ਕੀਤਾ ਸੀ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਘਰੇਲੂ ਉਦਯੋਗਾਂ ਨੂੰ ਸੁਰੱਖਿਆ ਮਿਲੇਗੀ। ਉੱਥੇ ਹੀ ਭਾਰਤ ਦਾ ਕਹਿਣਾ ਹੈ ਕਿ ਇਹ ਫੈਸਲਾ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ (ਡਬਲਯੂਟੀਓ) ਦੇ ਨਿਯਮਾਂ ਦੇ ਖਿਲਾਫ਼ ਹੈ ਇਸ ਨਾਲ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ‘ਤੇ ਬੁਰਾ ਅਸਰ ਪਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਵਿਵਾਦ ਨਹੀਂ ਸੁਲਝਦਾ ਤਾਂ ਇਸ ਦਾ ਅਸਰ ਆਈਟੀ, ਸਿੱਖਿਆ ਤੇ ਹੋਰ ਕਈ ਖੇਤਰਾਂ ‘ਤੇ ਪੈ ਸਕਦਾ ਹੈ। ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਹੈ ਕਿ ਜਦੋਂ ਤੱਕ ਅਮਰੀਕਾ ਟੈਰਿਫ਼ ਵਾਪਸ ਲੈਣ ਦਾ ਫੈਸਲਾ ਨਹੀਂ ਲੈਂਦਾ, ਭਾਰਤੀਆਂ ਨੂੰ ਇਕਜੁੱਟ ਹੋ ਕੇ ਅਮਰੀਕੀ ਵਸਤੂਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਅਮਰੀਕਾ ਨੂੰ ਸਮਝਾਉਣ ਦਾ ਸਭ ਤੋਂ ਕਾਰਗਰ ਤਰੀਕਾ ਹੋਵੇਗਾ।