ਪ੍ਰਯਾਗਰਾਜ: ਮਹਾਕੁੰਭ ਮੇਲੇ 2025 ਦਾ ਅੱਜ 16ਵਾਂ ਦਿਨ ਹੈ ਅਤੇ ਮੌਨੀ ਅਮਾਵਸਿਆ ਤੋਂ ਪਹਿਲਾਂ ਸੰਗਮ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ। ਦੁਪਹਿਰ 12 ਵਜੇ ਤੱਕ ਕਰੀਬ 1.88 ਕਰੋੜ ਸ਼ਰਧਾਲੂਆਂ ਨੇ ਪਵਿੱਤਰ ਸੰਗਮ ‘ਚ ਇਸ਼ਨਾਨ ਕੀਤਾ। 13 ਜਨਵਰੀ ਤੋਂ ਹੁਣ ਤੱਕ ਲਗਭਗ 16.64 ਕਰੋੜ ਸ਼ਰਧਾਲੂ ਸੰਗਮ ਦੀ ਪਵਿੱਤਰ ਧਾਰਾ ਵਿੱਚ ਇਸ਼ਨਾਨ ਕਰ ਚੁੱਕੇ ਹਨ।
ਇਸ ਭਾਰੀ ਭੀੜ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਹੰਗਾਮੀ ਮੀਟਿੰਗਾਂ ਕੀਤੀਆਂ। ਸ਼ਨੀਵਾਰ ਸਵੇਰੇ ਏਡੀਜੀ ਜ਼ੋਨ ਭਾਨੂ ਭਾਸਕਰ ਅਤੇ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ, ਜਿਸ ਵਿੱਚ ਡੀਐਮ, ਸੀਆਰਪੀਐਫ, ਆਈਟੀਬੀਪੀ, ਪੁਲਿਸ ਅਤੇ ਰੇਲਵੇ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਹਾਈ ਅਲਰਟ ਜਾਰੀ ਕੀਤਾ ਅਤੇ ਸਥਿਤੀ ਨੂੰ ਸੁਧਾਰਨ ਲਈ ਉਪਾਵਾਂ ‘ਤੇ ਚਰਚਾ ਕੀਤੀ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਕਿੰਗ ਅਤੇ ਰੇਲਵੇ ਸਟੇਸ਼ਨ ਤੋਂ ਸੰਗਮ ਤੱਕ ਪੈਦਲ ਜਾਣਾ ਪੈਂਦਾ ਹੈ। ਕਈ ਥਾਵਾਂ ‘ਤੇ ਬੈਰੀਕੇਡ ਟੁੱਟਣ ਦੀਆਂ ਵੀ ਖ਼ਬਰਾਂ ਹਨ, ਜਿਸ ਕਾਰਨ ਸੰਗਮ ਤੋਂ 15 ਕਿਲੋਮੀਟਰ ਤੱਕ ਦਾ ਇਲਾਕਾ ਟ੍ਰੈਫਿਕ ਜਾਮ ‘ਚ ਫਸਿਆ ਹੋਇਆ ਹੈ | ਪ੍ਰਸ਼ਾਸਨ ਨੇ ਮੇਲਾ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਕੈਮਰਿਆਂ ਰਾਹੀਂ ਸਖ਼ਤ ਚੌਕਸੀ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ।
ਡੀਐਮ ਨੇ ਪ੍ਰਯਾਗਰਾਜ ਦੇ ਨਾਗਰਿਕਾਂ ਨੂੰ ਕਾਰ ਰਾਹੀਂ ਮੇਲਾ ਖੇਤਰ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਹੋ ਸਕੇ ਤਾਂ ਮੇਲੇ ਵਾਲੇ ਸਥਾਨ ‘ਤੇ ਪੈਦਲ ਜਾਂ ਸਾਈਕਲ ਰਾਹੀਂ ਪਹੁੰਚੋ, ਤਾਂ ਜੋ ਸ਼ਰਧਾਲੂਆਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੰਗਮ ਤੱਕ ਆਸਾਨੀ ਨਾਲ ਪਹੁੰਚ ਸਕਣ।