ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ: 11 ਕਿਲੋ ਹੇਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
Punjab Police Heroin Seized; ਗੁਰਦਾਸਪੁਰ ਪੁਲਿਸ ਨੇ ਇੱਕ ਸੁੰਗਠਿਤ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 11 ਕਿਲੋਗ੍ਰਾਮ ਹੇਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਮੁਹੰਮਦ ਵਸੀਮ (ਵਾਸੀ ਕਾਸਿਮਪੁਰ, ਮੁਜ਼ਫ਼ਫ਼ਰਨਗਰ, ਉੱਤਰ ਪ੍ਰਦੇਸ਼) ਅਤੇ ਹਰਸ਼ਦੀਪ ਸਿੰਘ ਉਰਫ਼ ਹਰਸ਼ (ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਦੇ ਨਾਲ-ਨਾਲ ਦੋ ਕਾਰਾਂ-ਸਫੈਦ ਹੋਂਡਾ ਸਿਟੀ (RJ 45 CR 2918) ਅਤੇ ਹੁੰਡਈ ਵਰਨਾ (CH01 AZ 0888) ਵੀ ਜ਼ਬਤ ਕੀਤੀਆਂ ਹਨ, ਜੋ ਨਸ਼ਾ ਤਸਕਰੀ ਲਈ ਵਰਤੀਆਂ ਜਾ ਰਹੀਆਂ ਸਨ।
ਜਾਣੋ ਕਿਵੇਂ ਫੜੇ ਗਏ ਨਸ਼ਾ ਤਸਕਰ, ਕੀ ਕੁਝ ਹੋਇਆ ਬਰਾਮਦ
ਵਰਨਾ ਕਾਰ ਤੋਂ 8 ਕਿਲੋ ਹੇਰੋਇਨ, 3.5 ਲੱਖ ਰੁਪਏ ਬਰਾਮਦ
ਐੱਸਐੱਸਪੀ ਆਦਿਤਿਆ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਹਰਸ਼ਦੀਪ ਉਰਫ਼ ਹਰਸ਼ ਨੂੰ ਗੁਰਦਾਸਪੁਰ ਦੇ ਪਿੰਡ ਚਿੱਟੀ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਵਰਨਾ ਕਾਰ ਵਿਚੋਂ 8 ਕਿਲੋਗ੍ਰਾਮ ਹੇਰੋਇਨ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਦੋਸ਼ੀ ਇਹ ਹੇਰੋਇਨ ਡਿਲਿਵਰੀ ਲਈ ਲੈ ਕੇ ਜਾ ਰਿਹਾ ਸੀ।
ਹੋਂਡਾ ਸਿਟੀ ਕਾਰ ਤੋਂ 3 ਕਿਲੋ ਹੇਰੋਇਨ, 2.25 ਲੱਖ ਰੁਪਏ ਬਰਾਮਦ
ਇੱਕ ਹੋਰ ਕਾਰਵਾਈ ਵਿੱਚ ਪੁਲਿਸ ਨੇ ਮੁਹੰਮਦ ਵਸੀਮ ਨੂੰ ਦੀਨਾਨਗਰ ਦੇ ਪਨਿਆਰ ਸ਼ੂਗਰ ਮਿਲ ਨੇੜੇ ਨਾਕੇ ਦੌਰਾਨ ਗ੍ਰਿਫ਼ਤਾਰ ਕੀਤਾ। ਉਸ ਦੀ ਹੋਂਡਾ ਸਿਟੀ ਕਾਰ ਦੀ ਤਲਾਸ਼ੀ ਦੌਰਾਨ ਛੇ ਪੈਕਟਾਂ ਵਿੱਚ 3 ਕਿਲੋਗ੍ਰਾਮ ਹੇਰੋਇਨ ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਪਾਕਿਸਤਾਨੀ ਹੈਂਡਲਰਾਂ ਨਾਲ ਸਬੰਧ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਦੋਸ਼ੀ ਭਾਰਤ ਵਿਚ ਆਪਣੇ ਹੈਂਡਲਰਾਂ ਰਾਹੀਂ ਪਾਕਿਸਤਾਨ ਵਿੱਚ ਮੌਜੂਦ ਹੈਂਡਲਰਾਂ ਨਾਲ ਸੰਪਰਕ ਵਿੱਚ ਸਨ। ਗੁਰਦਾਸਪੁਰ ਦੇ ਐੱਸਐੱਸਪੀ ਆਦਿਤਿਆ ਨੇ ਕਿਹਾ ਕਿ ਨੈੱਟਵਰਕ ਦੇ ਅੱਗੇ-ਪਿੱਛੇ ਦੇ ਕੜੀਆਂ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।