ਤਰਨਤਾਰਨ ਵਿੱਚ ਪੁਲਿਸ ਦੀ ਵੱਡੀ ਕਾਰਵਾਈ; ਦੋ ਬਦਮਾਸ਼ ਕੀਤੇ ਕਾਬੂ, ਫਿਰੋਤੀ ਮੰਗਣ ਦੇ ਮਾਮਲੇ ਵਿੱਚ ਵੀ ਸੀ ਸ਼ਾਮਲ
Latest News: ਤਰਨਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਫ਼ਤਿਹਾਬਾਦ ਇਲਾਕੇ ‘ਚ ਨਾਕਾਬੰਦੀ ਕੀਤੀ ਗਈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਫ਼ਤਿਹਾਬਾਦ ਦੇ ਇੱਕ ਖੇਤੀਬਾੜੀ ਸਟੋਰ ‘ਤੇ ਫਾਇਰਿੰਗ ਕਰਨ ਵਾਲੇ ਬਦਮਾਸ਼ ਮੋਟਰਸਾਈਕਲ ‘ਤੇ ਆ ਰਹੇ ਹਨ।
ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਬਦਮਾਸ਼ਾਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਗਈ।
ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਜ਼ਖਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਪੁਲਿਸ ਵੱਲੋਂ ਫੜੇ ਗਏ ਦੋਵੇਂ ਬਦਮਾਸ਼ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਪਛਾਣ ਸੁੱਖਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਫਿਰੋਤੀ ਮੰਗਣ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਰਹੇ ਹਨ।ਮੌਕੇ ਤੋਂ ਪੁਲਿਸ ਨੇ ਦੋ ਪਿਸਤੌਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ। ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਕੇ ‘ਤੇ ਤਾਇਨਾਤ ਰਹੀ ਅਤੇ ਇਲਾਕੇ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ।
ਸੁਰੇਂਦਰ ਲਾਂਬਾ, ਐਸ.ਐਸ.ਪੀ. ਤਰਨ ਤਾਰਨ “ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਗਈ ਸੀ। ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਜਵਾਬੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।”
ਤਰਨਤਾਰਨ ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ‘ਚ ਅਪਰਾਧੀਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੈ ਅਤੇ ਪੁਲਿਸ ਵੱਲੋਂ ਅਪਰਾਧ ‘ਤੇ ਨਕੇਲ ਕਸਣ ਲਈ ਕਾਰਵਾਈ ਜਾਰੀ ਹੈ।