ਕੱਥੂਨੰਗਲ ਬਾਈਪਾਸ ’ਤੇ ਲੁੱਟ ਦੀ ਵੱਡੀ ਵਾਰਦਾਤ, ਅੰਮ੍ਰਿਤਸਰ ਦੇ ਨੌਜਵਾਨ ਨਾਲ ਕੁੱਟਮਾਰ
ਅੰਮ੍ਰਿਤਸਰ ਦੇ ਕੱਥੂਨੰਗਲ ਖੇਤਰ ਤੋਂ ਇੱਕ ਗੰਭੀਰ ਲੁੱਟ ਅਤੇ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਨਾਲ ਕੁਝ ਅਣਪਛਾਤੇ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟ ਕੀਤੀ ਗਈ। ਇਹ ਵਾਰਦਾਤ ਰਾਤ ਦੇ ਸਮੇਂ ਵਾਪਰੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੀੜਤ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜੰਮੂ ਤੋਂ ਵਾਪਸ ਅੰਮ੍ਰਿਤਸਰ ਆ ਰਿਹਾ ਸੀ। ਰਾਤ ਕਰੀਬ 9 ਵਜੇ ਜਦੋਂ ਉਹ ਕੱਥੂਨੰਗਲ ਬਾਈਪਾਸ ਨੇੜੇ ਪਹੁੰਚਿਆ, ਤਾਂ ਸੜਕ ’ਤੇ ਕੁਝ ਗੱਡੀਆਂ ਅਚਾਨਕ ਟੋਚਨ ਕਰਕੇ ਖੜ੍ਹੀਆਂ ਮਿਲੀਆਂ। ਜਦੋਂ ਉਸ ਨੇ ਸਾਈਡ ਤੋਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੀ ਗੱਡੀ ਉਥੇ ਖੜ੍ਹੀ ਇੱਕ ਹੋਰ ਗੱਡੀ ਨਾਲ ਟਕਰਾ ਗਈ। ਇਸ ਤੋਂ ਬਾਅਦ ਅਚਾਨਕ 8-9 ਅਣਪਛਾਤੇ ਵਿਅਕਤੀ ਮੌਕੇ ’ਤੇ ਆ ਗਏ।
ਪੀੜਤ ਮੁਤਾਬਕ, ਉਨ੍ਹਾਂ ਵਿਅਕਤੀਆਂ ਨੇ ਪਹਿਲਾਂ ਉਸ ਦੀ ਗੱਡੀ ਦੀ ਤੋੜਭੰਨ ਕੀਤੀ ਅਤੇ ਫਿਰ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ, ਨਕਦੀ ਅਤੇ ਗੱਡੀ ਵਿੱਚ ਪਏ ਜਰੂਰੀ ਕਾਗਜ਼ਾਤ ਵੀ ਲੁੱਟ ਲਏ। ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।
ਪੀੜਤ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਰੋਡ ’ਤੇ ਐਕਸੀਡੈਂਟ ਦਾ ਬਹਾਨਾ ਬਣਾ ਕੇ ਲੁੱਟ ਕਰਨ ਵਾਲੇ ਗਿਰੋਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਇਨਸਾਫ਼ ਦਿਵਾਇਆ ਜਾਵੇ।
ਉਥੇ ਹੀ ਹਸਪਤਾਲ ਵਿੱਚ ਜੇਰੇ ਇਲਾਜ਼ ਪੀੜਤ ਦੇ ਬਿਆਨ ਲੈਣ ਪਹੁੰਚੇ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੱਥੂਨੰਗਲ ਬਾਈਪਾਸ ਨੇੜੇ ਐਕਸੀਡੈਂਟ ਹੋਣ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਹਸਪਤਾਲ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।