ਗਾਇਕ ਇੰਦਰ ਪੰਡੋਰੀ ਦੇ ਗੀਤ ਦੇ ਇੱਕ ਸੀਨ ਨੇ ਖੜ੍ਹਾ ਕਰ ਦਿੱਤਾ ਨਵਾਂ ਤੂਫ਼ਾਨ
ਪਟਿਆਲਾ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਗਾਇਕ ਇੰਦਰ ਪੰਡੋਰੀ ਦੇ ਗੀਤ ਨੇ ਇੱਕ ਨਵਾੰ ਵਿਵਾਦ ਖੜਾ ਕਰ ਦਿੱਤਾ ਹੈ, ਗਾਇਕ ‘ਤੇ ਇਲਜ਼ਾਮ ਨੇ ਕਿ ਗਾਣੇ ਦੇ ਸੀਨ ਵਿੱਚ ਗਾਇਕ ਭਗਵਾ ਕੱਪੜੇ ਪਾ ਕੇ ਹਿੰਦੂ ਧਰਮ ਦੇ ਕਈ ਚਿੰਨਾਂ ਦੀ ਵਰਤੋਂ ਕਰਕੇ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੈ। ਜਿਸ ਨੂੰ ਕਈ ਧਾਰਮਿਕ ਸੰਗਠਨਾਂ ਨੇ ਹਿੰਦੂ ਸੰਸਕਾਰਾਂ ਦੀ ਬੇਇੱਜ਼ਤੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਹਿੰਦੂ ਧਰਮ ਦੇ ਪ੍ਰਤੀਕਾਂ ਦਾ ਮਜ਼ਾਕ ਉਡਾਇਆ ਗਿਆ ਹੈ ਅਤੇ ਇਸ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਅੱਜ ਇਸ ਬਾਬਤ ਸ਼੍ਰੀ ਸਨਾਤਨ ਧਰਮ ਸੇਵਾ ਗਊ ਰਕਸ਼ਕ ਫਾਊਂਡੇਸ਼ਨ ਆਫ ਇੰਡੀਆ ਵੱਲੋ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੌਸ਼ਿਕ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ। ਪਰ ਕੁਝ ਕਲਾਕਾਰ ਫੋਕੀ ਸ਼ੋਹਰਤ ਵਾਸਤੇ ਧਰਮ ਨੂੰ ਨਿਸ਼ਾਨਾ ਬਣਾ ਰਹੇ ਹਨ। ਜਿਸਦੀ ਤਾਜ਼ਾ ਮਿਸਾਲ ਇੰਦਰ ਪੰਡੋਰੀ ਦੇ ਗੀਤ ਤੋਂ ਮਿਲਦੀ ਹੈ ਜਿਸ ‘ਚ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਗਿਆ ਹੈ ਅਤੇ ਭਗਵਾ ਕੱਪੜੇ ਪਾਕੇ ਹਿੰਦੂ ਧਰਮ ਅਤੇ ਦੂਜੇ ਧਾਰਮਿਕ ਚਿੰਨਾਂ ਦਾ ਵੀ ਅਪਮਾਨ ਕੀਤਾ ਗਿਆ ਹੈ। ਅਸੀਂ ਇਸ ਬਾਬਤ ਕੋਰਟ ਤੋਂ ਉਕਤ ਗਾਇਕ ਨੂੰ ਨੋਟਿਸ ਦੇ ਨਾਲ ਨਾਲ ਪਟਿਆਲਾ ਪੁਲਿਸ ਨੂੰ ਸ਼ਿਕਾਇਤ ਦੇਕੇ ਪਰਚਾ ਦਰਜ ਕਰਨ ਦੀ ਅਪੀਲ ਕੀਤੀ ਹੈ।
ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਭਗਵਾ ਰੰਗ ਹਿੰਦੂ ਧਰਮ ਵਿੱਚ ਤਿਆਗ, ਆਦਰ ਅਤੇ ਆਧਿਆਤਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਰੰਗ ਦੀ ਬੇਅਦਬੀ ਕਰਨਾ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ, ਸਗੋਂ ਸਮਾਜ ਵਿੱਚ ਫੁੱਟ ਪਾਉਣ ਦੀ ਸਾਜ਼ਿਸ਼ ਵੀ ਹੈ। ਇਸ ਮਾਮਲੇ ‘ਤੇ ਹਿੰਦੂ ਸੰਸਥਾਵਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੀਤ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ ਗਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਾਰਵਾਈ ਨਾ ਹੋਈ ਤਾਂ ਆੰਦੋਲਨ ਕੀਤਾ ਜਾਵੇਗਾ।
ਫਿਲਹਾਲ, ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਪਰ ਇਹ ਮਾਮਲਾ ਗੰਭੀਰਤਾ ਨਾਲ ਚਰਚਾ ਵਿੱਚ ਹੈ ਅਤੇ ਸੰਭਾਵਨਾ ਹੈ ਕਿ ਜਲਦ ਹੀ ਸਰਕਾਰੀ ਪੱਧਰ ‘ਤੇ ਇਸ ‘ਤੇ ਕੋਈ ਕਾਰਵਾਈ ਹੋ ਸਕਦੀ ਹੈ। ਹੁਣ ਵੇਖਣਾ ਇਹ ਹੈ ਕਿ ਇੰਦਰ ਪੰਡੋਰੀ ਅਤੇ ਉਨ੍ਹਾਂ ਦੀ ਟੀਮ ਇਸ ਵਿਵਾਦ ‘ਤੇ ਕੀ ਸਪੱਸ਼ਟੀਕਰਨ ਦਿੰਦੇ ਹਨ। ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਪੰਜਾਬੀ ਸੰਗੀਤ ਉਦਯੋਗ ਵਿੱਚ ਧਾਰਮਿਕ ਪ੍ਰਤੀਕਾਂ ਦੀ ਵਰਤੋਂ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਵਾਦ-ਵਿਵਾਦ ਖੜ੍ਹ ਗਿਆ ਹੈ।