Operataion Sindoor: ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਕੈਂਪਾਂ ‘ਤੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਹਵਾਈ ਹਮਲੇ ਕੀਤੇ ਹਨ। ਇਸ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ‘ਤੇ ਹਨ। ਇਸ ਦੌਰਾਨ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਆਪਣੇ ਬਿਆਨ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸਮਝ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨਾ ਸਿਰਫ਼ ਅੱਤਵਾਦੀ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਸਗੋਂ ਇਹ ਵੀ ਸਪੱਸ਼ਟ ਕੀਤਾ ਕਿ ਅਸਲ ਦੁਸ਼ਮਣ ਅੱਤਵਾਦ ਹੈ, ਕੋਈ ਦੇਸ਼ ਜਾਂ ਇਸਦੇ ਲੋਕ ਨਹੀਂ।
ਮਲਾਲਾ ਨੇ ਆਪਣੇ ਇੰਟਰਵਿਊ ਵਿੱਚ ਕਿਹਾ, “ਪਾਕਿਸਤਾਨ, ਭਾਰਤ ਅਤੇ ਸਾਡੇ ਗੁਆਂਢੀ ਦੇਸ਼ਾਂ ਵਿੱਚ, ਸਾਡਾ ਸਾਂਝਾ ਦੁਸ਼ਮਣ ਕੱਟੜਵਾਦ, ਅੱਤਵਾਦ ਅਤੇ ਹਿੰਸਾ ਹੈ। ਅਸੀਂ ਇੱਕ ਦੂਜੇ ਦੇ ਦੁਸ਼ਮਣ ਨਹੀਂ ਹਾਂ।” ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਆਪਣੇ ਸਿਖਰ ‘ਤੇ ਹੈ। ਉਨ੍ਹਾਂ ਅਪੀਲ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਵੰਡ ਦੀਆਂ ਤਾਕਤਾਂ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਅੱਤਵਾਦ ਨਾਲ ਲੜਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੁਣ ਦਖਲ ਦੇਣਾ ਚਾਹੀਦਾ ਹੈ ਅਤੇ ਸ਼ਾਂਤੀ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਿਉਂਕਿ ਸਿਰਫ਼ ਕੂਟਨੀਤੀ ਅਤੇ ਸਹਿਯੋਗ ਹੀ ਇਸ ਖੇਤਰ ਦੀ ਸਥਿਰਤਾ ਅਤੇ ਖੁਸ਼ਹਾਲੀ ਦਾ ਆਧਾਰ ਹੋ ਸਕਦੇ ਹਨ।
‘ਮੈਂ ਖੁਦ ਅੱਤਵਾਦ ਦਾ ਸ਼ਿਕਾਰ ਹੋਈ ਹਾਂ’: ਮਲਾਲਾ
ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਮਲਾਲਾ ਨੇ ਕਿਹਾ ਕਿ ਉਹ ਖੁਦ ਪਾਕਿਸਤਾਨ ਵਿੱਚ ਕੱਟੜਵਾਦ ਅਤੇ ਅੱਤਵਾਦ ਦਾ ਸ਼ਿਕਾਰ ਰਹੀ ਹੈ। 2012 ਵਿੱਚ ਜਦੋਂ ਉਹ ਸਕੂਲ ਜਾ ਰਹੀ ਸੀ, ਤਾਲਿਬਾਨ ਨੇ ਉਸ ‘ਤੇ ਇੱਕ ਘਾਤਕ ਹਮਲਾ ਕੀਤਾ। ਇਸ ਤਜਰਬੇ ਦੇ ਕਾਰਨ ਉਨ੍ਹਾਂ ਕਿਹਾ ਕਿ ਸਾਨੂੰ ਅੱਤਵਾਦ ਦੇ ਮੂਲ ਕਾਰਨਾਂ ‘ਤੇ ਚਰਚਾ ਕਰਨੀ ਚਾਹੀਦੀ ਹੈ। ਉਸਦਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਜਨਮ ਤੋਂ ਅੱਤਵਾਦੀ ਜਾਂ ਕੱਟੜਪੰਥੀ ਨਹੀਂ ਹੁੰਦਾ। ਸਮਾਜ, ਵਿਚਾਰਧਾਰਾ ਅਤੇ ਹਾਲਾਤ ਉਸਨੂੰ ਉਸ ਦਿਸ਼ਾ ਵੱਲ ਧੱਕਦੇ ਹਨ। ਇਸ ਲਈ ਸਾਨੂੰ ਸਿੱਖਿਆ, ਸੰਵਾਦ ਅਤੇ ਮੌਕਿਆਂ ਰਾਹੀਂ ਉਨ੍ਹਾਂ ਤਾਕਤਾਂ ਨੂੰ ਕਮਜ਼ੋਰ ਕਰਨਾ ਚਾਹੀਦਾ ਹੈ।
ਪਾਕਿਸਤਾਨ ਦੇ ਆਗੂਆਂ ਨੂੰ ਅਪੀਲ
ਬਿਆਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ, ਮਲਾਲਾ ਯੂਸਫ਼ਜ਼ਈ ਨੇ ਟਵਿੱਟਰ ਦੀ ਵੀ ਮਦਦ ਲਈ। ਉਸ ਨੇ ਕਿਹਾ, “ਨਫ਼ਰਤ ਅਤੇ ਹਿੰਸਾ ਸਾਡੇ ਸਾਂਝੇ ਦੁਸ਼ਮਣ ਹਨ, ਇੱਕ ਦੂਜੇ ਦੇ ਨਹੀਂ। ਮੈਂ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨੂੰ ਤਣਾਅ ਘਟਾਉਣ, ਨਾਗਰਿਕਾਂ, ਖਾਸ ਕਰਕੇ ਬੱਚਿਆਂ ਦੀ ਰੱਖਿਆ ਕਰਨ ਅਤੇ ਫੁੱਟ ਪਾਊ ਤਾਕਤਾਂ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕਰਦੀ ਹਾਂ।” ਉਨ੍ਹਾਂ ਨੇ ਖਾਸ ਤੌਰ ‘ਤੇ ਨਾਗਰਿਕਾਂ, ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ, ਅਤੇ ਦੋਵਾਂ ਦੇਸ਼ਾਂ ਦੇ ਮਾਸੂਮ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ।