Mistreatment of Sikh youth in Himachal: ਦੱਸ ਦਈਏ ਕਿ ਛੋਟੀ ਜਿਹੀ ਗੱਲ਼ ਤੋਂ ਸ਼ੁਰੂ ਹੋਇਆ ਇਹ ਮਾਮਲਾ ਦੋ ਸੂਬਿਆਂ ਦੀਆਂ ਸਰਕਾਰਾਂ ਲਈ ਮੁਸੀਬਤ ਬਣ ਗਿਆ ਹੈ। ਇਹ ਮੁੱਦਾ ਮੰਗਲਵਾਰ ਨੂੰ ਹਿਮਾਚਲ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨ ਦੀ ਗੱਲ ਕਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇਸ ਮਾਮਲਾ ਵਿੱਚ ਦਖਲ ਦੇਣ ਲਈ ਕਿਹਾ ਹੈ।
ਉਧਰ, ਖਰੜ ਵਿੱਚ ਬੱਸ ਉਪਰ ਹੋਏ ਹਮਲੇ ਮਗਰੋਂ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਮਾਨ ਸਿੰਘ ਠਾਕੁਰ ਨੇ ਕਿਹਾ ਹੈ ਕਿ ਜੇਕਰ ਹਿਮਾਚਲ ਦੀਆਂ ਬੱਸਾਂ ‘ਤੇ ਹਮਲੇ ਬੰਦ ਨਹੀਂ ਹੋਏ ਤਾਂ ਉਹ ਅੱਜ ਤੋਂ ਪੰਜਾਬ ਲਈ ਬੱਸ ਸੇਵਾਵਾਂ ਬੰਦ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਹਿਮਾਚਲ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਇਸ ਮਸਲੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਨੌਕਰੀ-ਪੇਸ਼ਾ ਕਰ ਰਹੇ ਹਿਮਾਚਲ ਦੇ ਲੋਕਾਂ ਅੰਦਰ ਵੀ ਸਹਿਮ ਹੈ।
ਦੱਸ ਦੇਈਏ ਕਿ ਪਿਛਲੇ ਹਫ਼ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੋਟਰ ਸਾਈਕਲਾਂ ‘ਤੇ ਹਿਮਾਚਲ ਦੇ ਕੁੱਲੂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸਥਾਨਕ ਲੋਕਾਂ ਤੇ ਪੁਲਿਸ ਨਾਲ ਬਹਿਸ ਹੋਈ ਸੀ। ਸਥਾਨਕ ਲੋਕਾਂ ਨੇ ਮੋਟਰਸਾਈਕਲਾਂ ਤੋਂ ਸੰਤ ਭਿੰਡਰਾਂਵਾਲਾ ਦੇ ਝੰਡੇ ਉਤਾਰ ਦਿੱਤੇ ਸਨ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹਿਮਾਚਲ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੋ ਦਿਨ ਪਹਿਲਾਂ ਹੁਸ਼ਿਆਰਪੁਰ ਬੱਸ ਅੱਡੇ ‘ਤੇ ਹਿਮਾਚਲ ਦੀਆਂ ਬੱਸਾਂ ‘ਤੇ ਸੰਤ ਭਿੰਡਰਾਂਵਾਲਾ ਦੇ ਪੋਸਟਰ ਲਗਾਏ ਗਏ ਤੇ ਤਲਵਾਰਾਂ ਲਹਿਰਾ ਕੇ ਧਮਕੀਆਂ ਦਿੱਤੀਆਂ ਗਈਆਂ। ਇਸ ਕਾਰਨ ਹਿਮਾਚਲ ਦੇ ਡਰਾਈਵਰ, ਕੰਡਕਟਰ ਤੇ ਯਾਤਰੀ ਡਰੇ ਹੋਏ ਹਨ।
ਉਧਰ, ਪੰਜਾਬ ਦੀ ਵਿਦਿਆਰਥੀ ਵੀ ਹਿਮਾਚਲ ਵਿੱਚ ਵਾਪਰ ਰਹੀਆਂ ਘਟਨਾਵਾਂ ਖਿਲਾਫ ਨਿੱਤਰ ਆਏ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਵਾਹਨਾਂ ’ਤੇ ਜਾਣ ਵਾਲੇ ਸਿੱਖ ਯਾਤਰੀਆਂ ਨਾਲ ਹੋ ਰਹੀ ਬਦਸਲੂਕੀ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਸਮਰਥਨ ਵਿੱਚ ਕਈ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਵੀ ਹਿੱਸਾ ਲਿਆ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਗ਼ੈਰ-ਪੰਜਾਬੀ ਆਬਾਦੀ ਦਾ ਹੜ੍ਹ ਆ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬਾਈ ਵਿਧਾਨ ਸਭਾ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਬਾਹਰਲੇ ਲੋਕਾਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ‘ਸੱਥ’ ਦੇ ਦਰਸ਼ਪ੍ਰੀਤ ਸਿੰਘ, ਅਸ਼ਮੀਤ ਸਿੰਘ, ਗੁਰਦਰਸ਼ਨ ਸਿੰਘ, ਪੰਜਾਬਨਾਮੇ ਦੇ ਗਗਨ, ਅੰਬੇਡਕਰ ਸਟੂਡੈਂਟਸ ਫੋਰਮ ਦੇ ਗੁਰਦੀਪ ਤੇ ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਦੇ ਸੰਦੀਪ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਯਾਤਰੀਆਂ ਦੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲੁਹਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਵਕਤੀ ਨਹੀਂ ਹਨ ਬਲਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਤਰੀਕੇ ਦੇ ਹਮਲੇ ਹੋ ਰਹੇ ਹਨ ਜੋ ਹਿੰਦੂਤਵੀ ਮਨਾਂ ’ਚ ਸਿੱਖੀ ਪ੍ਰਤੀ ਵਸੀ ਡੂੰਘੀ ਨਫ਼ਰਤ ਦਾ ਪ੍ਰਗਟਾਵਾ ਹਨ।
ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲੇ ਸਿੱਖਾਂ ਦੀ ਪਛਾਣ ’ਤੇ ਹਮਲੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਗ਼ੈਰ-ਪੰਜਾਬੀ ਆਬਾਦੀ ਦਾ ਹੜ੍ਹ ਆ ਰਿਹਾ ਹੈ। ਭਾਰਤ ਦੀ ਬਸਤੀਵਾਦੀ ਨੀਤੀ ਤਹਿਤ ਗ਼ੈਰ-ਪੰਜਾਬੀ ਅਬਾਦੀ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਸਾਈ ਜਾ ਰਹੀ ਹੈ। ਪੰਜਾਬ ਦੀ ਲੁੱਟ ਅਤੇ ਸਿੱਖ ਹਸਤੀ ਪ੍ਰਤੀ ਇਸ ਨਫ਼ਰਤ ਨੂੰ ਸਮਝਦਿਆਂ ਸਿੱਖਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ। ਗ਼ੈਰ-ਪੰਜਾਬੀਆਂ ਦੀ ਵਿਆਪਕ ਪੱਧਰ ’ਤੇ ਵਸਾਈ ਜਾ ਰਹੀ ਅਬਾਦੀ ਨੂੰ ਰੋਕਣਾ ਪੰਜਾਬ ਦੀ ਹੰਗਾਮੀ ਲੋੜ ਹੈ।