ਮੋਗਾ ਰੈਲੀ ਇਤਿਹਾਸਿਕ, ਨਸ਼ਿਆਂ ਖ਼ਿਲਾਫ ਦੂਜੇ ਪੜਾਅ ਦੀ ਸ਼ੁਰੂਆਤ: ਕੁਲਦੀਪ ਧਾਲੀਵਾਲ
Latest News: ਆਮ ਆਦਮੀ ਪਾਰਟੀ ਦੇ ਪੰਜਾਬ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਬੀਤੇ ਦਿਨੀਂ ਮੋਗਾ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਧਾਲੀਵਾਲ ਨੇ ਕਿਹਾ ਕਿ ਮੋਗਾ ਵਿੱਚ ਹੋਇਆ ਇਕੱਠ ਕੋਈ ਪਾਰਟੀ ਇਕੱਠ ਨਹੀਂ ਸੀ, ਸਗੋਂ ਨਸ਼ਿਆਂ ਦੇ ਖ਼ਿਲਾਫ ਲੋਕਾਂ ਦੀ ਲੜਾਈ ਦਾ ਇਤਿਹਾਸਿਕ ਪ੍ਰਦਰਸ਼ਨ ਸੀ। ਉਨ੍ਹਾਂ ਕਿਹਾ ਕਿ ਇਹ ਰੈਲੀ ਨਸ਼ਿਆਂ ਦੇ ਖਾਤਮੇ ਲਈ ਦੂਜੇ ਪੜਾਅ ਦੀ ਸ਼ੁਰੂਆਤ ਹੈ ਅਤੇ ਇਸ ਨਾਲ ਪੰਜਾਬ ਵਿੱਚੋਂ ਨਸ਼ਾ ਜੜ ਤੋਂ ਮੁਕਾਉਣ ਵਿੱਚ ਪੰਜਾਬ ਸਰਕਾਰ ਕਾਮਯਾਬ ਹੋਵੇਗੀ।
ਧਾਲੀਵਾਲ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਤਿੰਨ ਧਿਰਾਂ ਮਿਲ ਕੇ ਕੰਮ ਕਰ ਰਹੀਆਂ ਹਨ—ਵਿਲੇਜ ਡਿਫੈਂਸ ਕਮੇਟੀਆਂ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਰਕਾਰੀ ਪ੍ਰੋਗਰਾਮ ਸੀ, ਜਿਸ ਵਿੱਚ ਚੀਫ ਸੈਕਟਰੀ ਅਤੇ ਡੀਜੀਪੀ ਨੇ ਵੀ ਸ਼ਿਰਕਤ ਕਰਕੇ ਆਪਣੀ-ਆਪਣੀ ਰਿਪੋਰਟ ਪੇਸ਼ ਕੀਤੀ। ਆਪ ਬੁਲਾਰੇ ਨੇ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਦੀ ਸੂਚਨਾ ‘ਤੇ ਕੋਠੀਆਂ ਪਿੰਡ ਵਿੱਚ 40 ਕਿਲੋ ਸਮੈਕ ਫੜੀ ਗਈ, ਜਿਸ ਲਈ ਸਰਕਾਰ ਵੱਲੋਂ ਸਰਪੰਚ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਐਸਐਚਓ, ਡੀਐਸਪੀ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਧਾਲੀਵਾਲ ਨੇ ਕਿਹਾ ਕਿ ਭਵਿੱਖ ਵਿੱਚ ਵੀ ਜੋ ਪਿੰਡ ਅਤੇ ਕਮੇਟੀਆਂ ਨਸ਼ਿਆਂ ਵਿਰੁੱਧ ਸਰਗਰਮ ਭੂਮਿਕਾ ਨਿਭਾਉਣਗੀਆਂ, ਉਹਨਾਂ ਨੂੰ ਸਰਕਾਰ ਵੱਲੋਂ ਇਨਾਮ ਦਿੱਤੇ ਜਾਣਗੇ। ਉਨ੍ਹਾਂ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਹਿਲਾਂ ਦੱਸਣ ਕਿ ਆਪਣੇ ਰਾਜਕਾਲ ਦੌਰਾਨ ਨਸ਼ਿਆਂ ਦੇ ਖ਼ਿਲਾਫ ਕੀ ਕੀਤਾ।
ਧਾਲੀਵਾਲ ਨੇ ਕਿਹਾ ਕਿ ਲੋਕਾਂ ਦਾ ਉੱਠ ਕੇ ਨਸ਼ਿਆਂ ਵਿਰੁੱਧ ਲੜਨਾ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ, ਇਸ ਲਈ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ ਧਾਲੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਫੈਲ ਰਹੀਆਂ ਅਫ਼ਵਾਹਾਂ ਬਿਲਕੁਲ ਗਲਤ ਹਨ ਅਤੇ ਉਹ ਜਲਦੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਕੰਮ ‘ਚ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ ਕਾਰਵਾਈ ‘ਚ ਕਿਸੇ ਨਾਲ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਚਾਹੇ ਉਹ ਕਿਸੇ ਵੀ ਪਾਰਟੀ ਜਾਂ ਵਰਗ ਨਾਲ ਸਬੰਧਤ ਹੋਵੇ।