Mohali will E-Challan ;- ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਵੀ ਟ੍ਰੈਫਿਕ ਨਿਯਮ ਤੋੜਨ ’ਤੇ E-ਚਾਲਾਨ ਜਾਰੀ ਹੋਣਗੇ। ਨਵੇਂ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 21 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ। ਇਹ ਕੈਮਰੇ ਆਰਟੀਫੀਸ਼ਲ ਇੰਟੈਲੀਜੈਂਸ (AI) ਤਕਨੀਕ ਨਾਲ ਲੈਸ ਹਨ, ਜੋ ਨਿਯਮ ਤੋੜਨ ਵਾਲਿਆਂ ਦੀ ਤਸਵੀਰ ਵੀ ਲੈ ਲਵੇਗਾ ।
ਇਹ ਸਿਸਟਮ ਹੁਣ ਪਟਿਆਲਾ, ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਲੁਧਿਆਣਾ ’ਚ ਵੀ ਲਾਗੂ ਹੋਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਣ ਕਿ ਮੋਹਾਲੀ ’ਚ ਹੁਣ ਕੈਮਰੇ ਰਾਹੀਂ E-ਚਾਲਾਨ ਹੋਣਗੇ।
ਉਨ੍ਹਾਂ ਨੇ ਸਾਫ਼ ਕੀਤਾ ਕਿ ਇਹ ਉਪਰਾਲਾ ਸਿਰਫ਼ ਚਾਲਾਨ ਜਾਰੀ ਕਰਕੇ ਰਾਜਸਵ ਵਧਾਉਣ ਲਈ ਨਹੀਂ, ਬਲਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੈ।
24×7 ਕੰਟਰੋਲ ਰੂਮ ਸਥਾਪਤ
ਮੋਹਾਲੀ ਦੇ ਸੈਕਟਰ-79, ਸੋਹਾਣਾ ਥਾਣੇ ਦੀ ਨਵੀਂ ਇਮਾਰਤ ’ਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ , ਜਿਥੇ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਪਹਿਲੇ ਪੜਾਅ ’ਚ ਸ਼ਹਿਰ ਦੇ 20 ਮੁੱਖ ਚੌਕਾਂ ਤੇ AI-ਬੇਸਡ ਕੈਮਰੇ ਲਗਾਏ ਗਏ ਹਨ।
ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਇਹ ਉੱਤਮ ਤਕਨੀਕ ਨਾਲ ਲੈਸ ਸਿਸਟਮ ਸੜਕ ਸੁਰੱਖਿਆ ਨੂੰ ਨਵਾਂ ਰੂਪ ਦੇਵੇਗਾ।
ਇਹ ਨਵਾਂ ਸਿਸਟਮ ਸ਼ੁਰੂ ਹੋਣ ਦੇ ਬਸ 2 ਦਿਨਾਂ ਵਿੱਚ ਹੀ ਮੋਹਾਲੀ ’ਚ ਟ੍ਰੈਫਿਕ ਨਿਯਮ ਤੋੜਨ ਦੀ ਹਕੀਕਤ ਸਾਹਮਣੇ ਆ ਗਈ। ਰਿਪੋਰਟ ਮੁਤਾਬਕ, 36,000 ਲੋਕ ਟ੍ਰੈਫਿਕ ਨਿਯਮ ਤੋੜਦੇ ਹੋਏ ਕੈਮਰਿਆਂ ’ਚ ਕੈਦ ਹੋ ਗਏ।
ਹਾਲਾਂਕਿ, ਇੱਕ ਹੈਰਾਨੀਜਨਕ ਘਟਨਾ ਇਹ ਵੀ ਰਹੀ ਕਿ ਕਈ ਥਾਵਾਂ ’ਤੇ ਨਵੇਂ ਲਾਏ ਕੈਮਰਿਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ। ਇਹ ਪਹਿਲਾ ਪੜਾਅ ਹੈ, ਅਤੇ ਜਦ ਪੂਰਾ ਸ਼ਹਿਰ ਇਸ ਤਕਨੀਕ ਦੇ ਦਾਇਰੇ ’ਚ ਆ ਜਾਵੇਗਾ, ਤਾਂ ਨਤੀਜੇ ਹੋਰ ਵੀ ਵੱਧ ਚੌਕਾਣ ਵਾਲੇ ਹੋ ਸਕਦੇ ਹਨ।