Pahalgam Terror Attack: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਮੋਦੀ ਸਰਕਾਰ ਹਰਕਤ ਵਿੱਚ ਆ ਗਈ ਹੈ। ਹੁਣ ਹਮਲੇ ਵਿੱਚ ਸ਼ਾਮਲ ਅੱਤਵਾਦੀ ਮੁਜਾਹਿਦੀਨ ਦੀ ਭੈਣ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Pahalgam Terrorists Adil Hussain Thokar: ਪਹਿਲਗਾਮ ਹਮਲੇ ‘ਚ ਸ਼ਾਮਲ ਦੋ ਅੱਤਵਾਦੀਆਂ ਦੇ ਘਰਾਂ ਨੂੰ ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਢਾਹ ਦਿੱਤਾ। ਬਿਜਬੇਹਾੜਾ ਵਿੱਚ ਲਸ਼ਕਰ ਦੇ ਅੱਤਵਾਦੀ ਆਦਿਲ ਹੁਸੈਨ ਦੇ ਘਰ ਨੂੰ ਆਈਈਡੀ ਨਾਲ ਉਡਾ ਦਿੱਤਾ ਗਿਆ ਜਦੋਂ ਕਿ ਤਰਾਲ ਵਿੱਚ ਆਸਿਫ਼ ਸ਼ੇਖ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹਿਆ ਗਿਆ।
ਆਸਿਫ਼ ਸ਼ੇਖ ਦੀ ਭੈਣ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਮੇਰਾ ਇੱਕ ਭਰਾ ਜੇਲ੍ਹ ਵਿੱਚ ਹੈ ਅਤੇ ਦੂਜਾ ਮੁਜਾਹਿਦੀਨ ਹੈ, ਮੇਰੀਆਂ ਦੋ ਭੈਣਾਂ ਵੀ ਹਨ, ਪਰਸੋਂ ਤੋਂ ਮੇਰੇ ਪਰਿਵਾਰਕ ਮੈਂਬਰਾਂ ਨੂੰ ਲੈ ਜਾ ਰਹੇ ਸੀ ਪਰ ਮੈਨੂੰ ਪਤਾ ਨਹੀਂ ਸੀ ਕਿਉਂਕਿ ਮੈਂ ਆਪਣੇ ਸਹੁਰੇ ਘਰ ਸੀ। ਜਦੋਂ ਮੈਂ ਇੱਥੇ ਪਹੁੰਚੀ ਤਾਂ ਮੇਰੇ ਘਰ ਕੋਈ ਨਹੀਂ ਸੀ… ਮੇਰੀ ਮਾਂ ਅਤੇ ਮੇਰੀਆਂ ਦੋ ਭੈਣਾਂ ਨੂੰ ਤਿੰਨ ਦਿਨ ਪਹਿਲਾਂ ਪੁਲਿਸ ਚੁੱਕ ਕੇ ਲੈ ਗਈ ਸੀ।”
ਆਸਿਫ਼ ਸ਼ੇਖ ਦੀ ਭੈਣ ਨੇ ਅੱਗੇ ਕਿਹਾ, “ਜਦੋਂ ਮੈਂ ਆਪਣੇ ਘਰ ਵਿੱਚ ਸੀ, ਸੁਰੱਖਿਆ ਬਲਾਂ ਨੇ ਆ ਕੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ… ਮੈਂ ਇੱਕ ਆਦਮੀ ਨੂੰ ਸਾਡੇ ਘਰ ਦੇ ਸਟੋਰ ਵਿੱਚ ਬੰਬ ਵਰਗੀ ਕੋਈ ਚੀਜ਼ ਰੱਖਦਿਆਂ ਦੇਖਿਆ… ਮੈਂ ਖੁਦ ਦੇਖਾ… ਉਸਨੇ ਫੌਜ ਦੀ ਵਰਦੀ ਪਾਈ ਹੋਈ ਸੀ।” ਅੱਤਵਾਦੀ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਨੇ ਬੰਬ ਧਮਾਕਾ ਕੀਤਾ ਅਤੇ ਸਾਡਾ ਘਰ ਤਬਾਹ ਹੋ ਗਿਆ।
20 ਲੱਖ ਰੁਪਏ ਦੇ ਇਨਾਮ ਦਾ ਐਲਾਨ
ਇਸ ਦੌਰਾਨ, ਅਨੰਤਨਾਗ ਪੁਲਿਸ ਨੇ ਹਮਲੇ ਵਿੱਚ ਸ਼ਾਮਲ ਆਦਿਲ ਹੁਸੈਨ ਅਤੇ ਦੋ ਪਾਕਿਸਤਾਨੀ ਨਾਗਰਿਕਾਂ – ਅਲੀ ਭਾਈ ਅਤੇ ਹਾਸ਼ਿਮ ਮੂਸਾ – ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ ਤੇ ਤਿੰਨ ਅੱਤਵਾਦੀਆਂ ਦੇ ਸਕੈੱਚ ਵੀ ਜਾਰੀ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਮੂਸਾ ਅਤੇ ਅਲੀ ਲਗਭਗ ਦੋ ਸਾਲਾਂ ਤੋਂ ਘਾਟੀ ਵਿੱਚ ਸਰਗਰਮ ਹਨ।
ਪਾਕਿਸਤਾਨ ਗਿਆ ਸੀ ਆਦਿਲ ਹੁਸੈਨ
ਆਦਿਲ ਹੁਸੈਨ ਨੇ ਪਾਕਿਸਤਾਨੀ ਅੱਤਵਾਦੀਆਂ ਦੁਆਰਾ ਬੈਸਰਨ ਘਾਟੀ ਵਿੱਚ ਹਮਲੇ ਦੀ ਯੋਜਨਾ ਬਣਾਉਣ ਅਤੇ ਇਸਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਆਦਿਲ ਹੁਸੈਨ 2018 ਵਿੱਚ ਪੰਜਾਬ ਵਿੱਚ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਿਆ ਸੀ ਅਤੇ ਪਿਛਲੇ ਸਾਲ ਜੰਮੂ-ਕਸ਼ਮੀਰ ਵਿੱਚ ਘੁਸਪੈਠ ਕਰਨ ਤੋਂ ਪਹਿਲਾਂ ਉੱਥੇ ਇੱਕ ਅੱਤਵਾਦੀ ਕੈਂਪ ਵਿੱਚ ਸਿਖਲਾਈ ਪ੍ਰਾਪਤ ਕੀਤੀ ਸੀ।
ਹਮਲਾਵਰਾਂ ਨੇ ਮੰਗਲਵਾਰ ਨੂੰ ਬੈਸਰਨ ਘਾਟੀ ਦੇ ਇੱਕ ਸੁੰਦਰ ਖੇਤ ਵਿੱਚ ਇਹ ਕਤਲੇਆਮ ਕੀਤਾ। ਇਸਨੂੰ ਹਾਲ ਹੀ ਦੇ ਸਾਲਾਂ ਵਿੱਚ ਕਸ਼ਮੀਰ ਵਿੱਚ ਹੋਇਆ ਸਭ ਤੋਂ ਘਾਤਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ।