Punjab Flood Navodaya School; ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਤੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਕਈ ਜ਼ਿਲ੍ਹਿਆਂ ‘ਚ ਹੜ੍ਹ ਵਰਗੇ ਹਾਲਾਤ ਹਨ। ਕਈ ਇਲਾਕਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕ ਘਰਾਂ ‘ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਬੀਤੇ ਦਿਨ ਤੋਂ ਹੀ ਰੈਸਕਿਊ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਗੁਰਦਾਸਪੁਰ ਦੇ ਪਿੰਡ ਦਬੂੜੀ ‘ਚ ਅਚਾਨਕ ਹੜ੍ਹ ਆ ਜਾਣ ਕਾਰਨ ਨਵੋਦਿਆ ਸਕੂਲ ਦੇ ਕਰੀਬ 400 ਬੱਚੇ ਇਮਾਰਤ ‘ਚ ਫਸ ਗਏ।
ਮਾਪਿਆਂ ਨੇ ਲਾਪਰਵਾਹੀ ਦਾ ਲਗਾਇਆ ਇਲਜ਼ਾਮ
ਹੜ੍ਹ ਆਉਣ ਕਾਰਨ ਸਕੂਲੀ ਬੱਚਿਆਂ ਤੇ ਅਧਿਆਪਕਾਂ ਨੂੰ ਸਕੂਲ ਦੀ ਦੂਜੀ ਮੰਜ਼ਿਲ ‘ਤੇ ਲਿਜਾਇਆ ਗਿਆ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ 30 ਅਗਸਤ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਹਨ, ਤਾਂ ਫਿਰ ਨਵੋਦਿਆ ਸਕੂਲ ਦੇ ਪ੍ਰਬੰਧਕਾਂ ਨੇ ਨਵੋਦਿਆ ਸਕੂਲ ‘ਚ ਛੁੱਟੀ ਕਿਉਂ ਨਹੀਂ ਐਲਾਨੀ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਬੱਚਿਆਂ ਦੀ ਜਾਨ ਨੂੰ ਖ਼ਤਰਾ ਬਣ ਗਿਆ ਹੈ।
ਆਪਣੇ ਬੱਚਿਆਂ ਨੂੰ ਲੈਣ ਲਈ ਪਿੰਡ ਦਬੂੜੀ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਬੱਚਿਆਂ ਨੂੰ ਸਕੂਲ ‘ਚੋਂ ਬਾਹਰ ਕੱਢਣ ਲਈ ਨਹੀਂ ਪਹੁੰਚਿਆ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਸਕੂਲ ‘ਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ, ਤੁਹਾਨੂੰ ਦੱਸ ਦੇਈਏ ਕਿ ਸਕੂਲ’ਚ ਬਹੁਤ ਸਾਰਾ ਪਾਣੀ ਪਾਣੀ ਇਕੱਠਾ ਹੋ ਗਿਆ ਹੈ।
ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਬੱਚਿਆਂ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਦੱਸਿਆ ਕਿ ਸਵੇਰੇ 4:00 ਵਜੇ ਸਕੂਲ ‘ਚ ਪਾਣੀ ਦਾਖਲ ਹੋ ਗਿਆ ਤੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਇਸ ਲਈ ਬੱਚੇ ਦੂਜੀ ਮੰਜ਼ਿਲ ‘ਤੇ ਬੈਠੇ ਹਨ ਤੇ ਸਾਰੇ ਮਾਪੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਵਿਰੁੱਧ ਕਦੋਂ ਕਾਰਵਾਈ ਕਰੇਗਾ।
NDRF ਨੇ ਚਲਾਇਆ ਰੈਸਕਿਊ ਆਪ੍ਰੇਸ਼ਨ
ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨਡੀਆਰਐਫ ਦੀ ਟੀਮ ਮੌਕੇ ‘ਤੇ ਪਹੁੰਚੀ। ਐਨਡੀਆਰਐਫ ਦੀ ਟੀਮ ਗੁਰਦਾਸਪੁਰ ਦੇ ਪਿੰਡ ਦਬੂੜੀ ਦੇ ਨਵੋਦਿਆ ਸਕੂਲ ‘ਚ ਫਸੇ ਬੱਚਿਆਂ ਨੂੰ ਰੈਸਕਿਊ ਕਰਨ ਲਈ ਮੋਟਰ ਬੋਟਸ ਤੇ ਲਾਈਫ ਜੈਕਟ ਲੈ ਕੇ ਪਹੁੰਚੀ। ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦਾ ਇੱਕ ਵੀਡੀਓ ਜਾਰੀ ਕੀਤਾ।