NEET PG 2025 Exam Date: 15 ਜੂਨ ਨੂੰ ਹੋਣ ਵਾਲੀ NEET PG ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।
NEET PG Exam Postponed: 15 ਜੂਨ ਨੂੰ ਹੋਣ ਵਾਲੀ NEET PG ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫੈਸਲਾ NBEMS ਵੱਲੋਂ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਲਿਆ ਗਿਆ, ਜਿਸ ‘ਚ ਅਦਾਲਤ ਨੇ ਪ੍ਰੀਖਿਆ ਨੂੰ ਇੱਕ ਹੀ ਸ਼ਿਫਟ ਵਿੱਚ ਕਰਵਾਉਣ ਦੇ ਹੁਕਮ ਦਿੱਤੇ। ਜਾਣਕਾਰੀ ਮੁਤਾਬਕ, NBEMS ਵੱਲੋਂ ਜਲਦੀ ਹੀ ਨਵੀਆਂ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਦੱਸ ਦਈਏ ਕਿ ਪਹਿਲਾਂ ਇਹ ਪ੍ਰੀਖਿਆ 15 ਜੂਨ ਨੂੰ ਹੀ ਹੋਣੀ ਸੀ ਅਤੇ ਇਸ ਲਈ ਪ੍ਰੀਖਿਆ ਕੇਂਦਰਾਂ ਦੀ ਚੋਣ ਤੋਂ ਇਲਾਵਾ ਹੋਰ ਤਿਆਰੀਆਂ ਵੀ ਕੀਤੀਆਂ ਗਈਆਂ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਈ ਜਾਣੀ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਉਮੀਦਵਾਰਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ, ਇੱਕ ਹੀ ਸ਼ਿਫਟ ਵਿੱਚ ਪ੍ਰੀਖਿਆ ਕਰਵਾਉਣ ਦੇ ਆਦੇਸ਼ ਦਿੱਤੇ, ਜਿਸਨੂੰ ਰਾਸ਼ਟਰੀ ਪ੍ਰੀਖਿਆ ਬੋਰਡ ਲਈ ਇੱਕ ਵੱਡਾ ਝਟਕਾ ਮੰਨਿਆ ਗਿਆ।
ਇਸੇ ਕਾਰਨ ਪ੍ਰੀਖਿਆ ਮੁਲਤਵੀ
NBEMS ਵੱਲੋਂ ਪ੍ਰੀਖਿਆ ਮੁਲਤਵੀ ਕਰਨ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਪ੍ਰੀਖਿਆ ਇੱਕ ਹੀ ਸ਼ਿਫਟ ਵਿੱਚ ਕਰਵਾਉਣ ਦੇ ਹੁਕਮ ਦਿੱਤੇ ਹਨ। ਅਜਿਹੀ ਸਥਿਤੀ ਵਿੱਚ, ਬੋਰਡ ਨੂੰ ਹੋਰ ਪ੍ਰੀਖਿਆ ਕੇਂਦਰਾਂ ਦੀ ਭਾਲ ਕਰਨੀ ਪਵੇਗੀ, ਨਾਲ ਹੀ ਬੁਨਿਆਦੀ ਢਾਂਚੇ ਦਾ ਪ੍ਰਬੰਧ ਵੀ ਕਰਨਾ ਪਵੇਗਾ। ਇਸ ਲਈ, ਪ੍ਰੀਖਿਆ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ, ਬੋਰਡ ਵੱਲੋਂ ਸੋਧੀ ਹੋਈ ਮਿਤੀ ਜਲਦੀ ਹੀ ਦੱਸੀ ਜਾਵੇਗੀ।
ਜਾਰੀ ਕੀਤੀ ਜਾਣੀ ਸੀ ਪ੍ਰੀਖਿਆ ਸਿਟੀ ਸਲਿੱਪ
ਦੱਸ ਦੇਈਏ ਕਿ ਨਿਰਧਾਰਤ ਸ਼ੈਡਿਊਲ ਮੁਤਾਬਕ, ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸ ਵੱਲੋਂ NEET PG ਪ੍ਰੀਖਿਆ ਸਬੰਧੀ ਪ੍ਰੀਖਿਆ ਸਿਟੀ ਸਲਿੱਪ 2 ਜੂਨ ਨੂੰ ਜਾਰੀ ਕੀਤੀ ਜਾਣੀ ਸੀ। ਹਾਲਾਂਕਿ, ਸ਼ਾਮ ਨੂੰ, ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰੀਖਿਆ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਹੈ।