ਪਿੰਡ ਤਲਵੰਡੀ ਚੌਧਰੀ ਵਿੱਚ ਨਵੀਂ ਬਣ ਰਹੀ ਸੜਕ ‘ਤੇ ਪਿਛਲੇ ਕਰੀਬ ਛੇ ਮਹੀਨੇ ਤੋਂ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਦੋ-ਦੋ ਫੁੱਟ ਪਾਣੀ ਚੜ ਚੁੱਕਿਆ ਹੈ।
Kapurthala News: ਅਕਸਰ ਖ਼ਰਾਬ ਸੜਕਾਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਕਈ ਲੋਕ ਹਰ ਸਾਲ ਆਪਣੀ ਜਾਨ ਵੀ ਗੁਆ ਬੈਠਦੇ ਹਨ। ਪੰਜਾਬ ‘ਚ ਕਈ ਥਾਂਵਾਂ ‘ਤੇ ਖਰਾਬ ਸੜਕਾਂ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ, ਜਿਨ੍ਹਾਂ ਕਾਰਨ ਕਈ ਘਰਾਂ ‘ਚ ਸੱਥਰ ਵੀ ਵਿਛ ਚੁੱਕੇ ਹਨ। ਪਰ ਬਾਵਜੂਦ ਇਸਦੇ ਖਰਾਬ ਹੋਈਆਂ ਸੜਕਾਂ ਤਾਂ ਅਜੇ ਕੁਝ ਸਮਾਂ ਪਹਿਲਾਂ ਹੀ ਬਣੀਆਂ ਨਵੀਆਂ ਸੜਕਾਂ ਦੀ ਹਾਲਤ ਦੇਖ ਕੇ ਵੀ ਤਰਸ ਹੀ ਆਉਂਦਾ ਹੈ।
ਅਜਿਹਾ ਹੀ ਮਾਮਲਾ ਮਲੇਰਕੋਟਲਾ ਦਾ ਹੈ ਜਿੱਥੇ ਹਾਲ ਹੀ ‘ਚ ਬਣੀ ਸੜਕ ਦੇ ਖ਼ਰਾਬ ਹੋਣ ਕਰਕੇ ਲੋਕਾਂ ਅਤੇ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਬਣੀ ਸੜਕ ਹੀ ਜਦੋਂ ਖ਼ਰਾਬ ਹੋ ਜਾਵੇ ਤਾਂ ਸਵਾਲ ਉੱਠਣੇ ਤਾਂ ਲਾਜ਼ਮੀ ਹੀ ਹਨ। ਇਸੇ ਤਰ੍ਹਾਂ ਪਿਛਲੇ ਛੇ ਮਹੀਨੇ ਤੋਂ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਚੌਧਰੀ ਵਿੱਚ ਨਵੀਂ ਬਣ ਰਹੀ ਸੜਕ ‘ਤੇ ਪਿਛਲੇ ਕਰੀਬ ਛੇ ਮਹੀਨੇ ਤੋਂ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਦੋ-ਦੋ ਫੁੱਟ ਪਾਣੀ ਚੜ ਚੁੱਕਿਆ ਹੈ। ਜਿਸ ਕਾਰਨ ਆਉਂਦੇ ਜਾਂਦੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹੀ ਨਹੀਂ ਸੜਕ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਨੂੰ ਵੀ ਵੱਡੇ ਪੱਧਰ ‘ਤੇ ਕਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਹ ਪਾਣੀ ਪਿਛਲੇ ਛੇ ਮਹੀਨੇ ਤੋਂ ਇਸੇ ਤਰ੍ਹਾਂ ਹੀ ਸੜਕ ‘ਤੇ ਖੜ੍ਹਾ ਹੈ। ਜਿਸ ਦੀ ਸਾਰ ਅਜੇ ਤੱਕ ਪ੍ਰਸ਼ਾਸਨ ਨੇ ਵੀ ਨਹੀਂ ਲਈ। ਇਸ ਮਾਮਲੇ ‘ਤੇ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਨਵੀਂ ਬਣੀ ਸੜਕ ‘ਤੇ ਇਕੱਠੇ ਹੋਏ ਗੰਦੇ ਨਾਲੇ ਦੇ ਪਾਣੀ ਦਾ ਸੰਤਾਪ ਭੋਗ ਰਹੇ ਹਨ। ਅਤੇ ਇਸ ਗੰਦੇ ਪਾਣੀ ਕਰਕੇ ਕਈ ਬਿਮਾਰੀਆਂ ਦਾ ਖਦਸ਼ਾ ਵੀ ਬਣਿਆ ਹੋਇਆ ਹੈ।
ਪਿੰਡਵਾਸੀਆਂ ਦਾ ਕਹਿਣਾ ਹੈ ਕਿ ਖ਼ਰਾਬ ਹੋਈ ਸੜਕ ਅਤੇ ਫੁੱਟ-ਫੁੱਟ ਪਾਣੀ ਕਾਰਨ ਲੋਕਾਂ ਨਾਲ ਇੱਥੇ ਕਈਂ ਵਾਰ ਹਾਦਸੇ ਵਾਪਰ ਵੀ ਚੁੱਕੇ ਹਨ। ਪਰ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਤੱਕ ਨਹੀਂ ਸਿਰਕ ਰਹੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਕੇ ਜਾਣਕਾਰੀ ਦਿੱਤੀ ਗਈ ਹੈ, ਪਰ ਉਨ੍ਹਾਂ ਵੱਲੋਂ ਇਸ ਦਾ ਕੋਈ ਵੀ ਹੱਲ ਅਜੇ ਤੱਕ ਨਹੀਂ ਕੱਢਿਆ ਗਿਆ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੋਸਨ ਨੇ ਦੱਸਿਆ ਕਿ ਉਹ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਬਤ ਮਿਲ ਚੁੱਕੇ ਹਨ ਪਰ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਗੱਲ ਸੁਣਦਾ ਹੈ ਅਤੇ ਨਾ ਹੀ ਕੋਈ ਮੌਕੇ ‘ਤੇ ਪਹੁੰਚਦਾ ਹੈ।
ਨਾਲ ਹੀ ਪਿੰਡ ਵਾਲਿਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇਹ ਸਭ ਇਹਨਾਂ ਦੀ ਮਿਲੀ ਭੁਗਤ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸੜਕ ਨੂੰ ਬਣਾਉਣ ਨੂੰ ਲੈਕੇ ਠੇਕੇਦਾਰ ਅਤੇ ਪ੍ਰਸ਼ਾਸਨ ਦੇ ਕਈ ਵੱਡੇ ਅਧਿਕਾਰੀਆਂ ਤੱਕ ਧਾਂਧਲੀ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਹੋਣੀ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਸੜਕ ‘ਤੇ ਇਸ ਤਰ੍ਹਾਂ ਦੇ ਨਾਲ ਪਾਣੀ ਇਕੱਠਾ ਹੋ ਜਾਣਾ ਇਸ ਗੱਲ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਨਾਲ ਹੀ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 2 ਦਿਨਾਂ ਅੰਦਰ ਉਨ੍ਹਾਂ ਨੂੰ ਕੋਈ ਹੱਲ ਕਰਕੇ ਨਹੀਂ ਦਿੱਤਾ ਤਾਂ ਉਹ ਪ੍ਰਸ਼ਾਸਨ ਖਿਲਾਫ ਜਬਰਦਸਤ ਪ੍ਰਦਰਸ਼ਨ ਕਰਕੇ ਚੱਕਾ ਜਾਮ ਕਰਨਗੇ ਅਤੇ ਇਸ ਦਾ ਜਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ।