ਕੈਨੇਡਾ ਤੋਂ ਆਈ ਮੌਤ ਦੀ ਖ਼ਬਰ ਨੇ ਉਜਾੜਿਆ ਪੰਜਾਬੀ ਪਰਿਵਾਰ, 18 ਲੱਖ ਕਰਜ਼ਾ ਚੁੱਕ ਭੇਜੇ ਇਕਲੌਤੇ ਪੁੱਤਰ ਦੀ ਮੌਤ
Canada Punjabi Youth Death; ਪੰਜਾਬ ਤੋ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਦੇ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ 24 ਸਾਲਾ ਨੌਜਵਾਨ ਰਾਜਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਅਚਾਨਕ ਮੌਤ ਤੋਂ ਬਾਅਦ ਜਦੋਂ ਉਸ ਦੀ ਮ੍ਰਿਤਕ ਦੇਹ ਪਿੰਡ ਗੁਰਮ ਪੁੱਜੀ ਤਾਂ ਪੂਰਾ ਪਿੰਡ ਗਮ ਵਿੱਚ ਡੁੱਬ ਗਿਆ। ਅੱਠ ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਪਿੰਡ ਪਹੁੰਚਣ ’ਤੇ ਹਰ ਅੱਖ ਨਮ ਸੀ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਰਿਹਾ।
ਲਗਭਗ 18 ਲੱਖ ਰੁਪਏ ਦਾ ਕਰਜ਼ਾ ਚੁੱਕ ਭੇਜਿਆ ਸੀ ਕੈਨੇਡਾ
ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਇਕ ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ। ਆਪਣੇ ਇਕਲੌਤੇ ਪੁੱਤਰ ਦੇ ਸੁਨਹਿਰੇ ਭਵਿੱਖ ਦੀ ਆਸ ਵਿਚ ਉਨ੍ਹਾਂ ਨੇ ਲਗਭਗ 18 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਪ੍ਰੈਲ 2024 ਵਿਚ ਰਾਜਪ੍ਰੀਤ ਸਿੰਘ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਿਆ ਸੀ। ਰਾਜਪ੍ਰੀਤ ਬਰੈਂਪਟਨ ਵਿਚ ਪੜ੍ਹਾਈ ਕਰਦਾ ਸੀ ਅਤੇ ਸਰੀ ਸ਼ਹਿਰ ਵਿਚ ਰਹਿ ਰਿਹਾ ਸੀ। 17 ਜਨਵਰੀ ਨੂੰ ਵਿਦੇਸ਼ ਤੋਂ ਰਿਸ਼ਤੇਦਾਰਾਂ ਰਾਹੀਂ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਮਿਲੀ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਸ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਟੀ. ਬੈਨਿਥ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਜੰਗੀਆਣਾ ਦੇ ਉਪਰਾਲਿਆਂ ਸਦਕਾ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਗਈ, ਜਿਸ ਉਪਰੰਤ ਪਰਿਵਾਰ ਵੱਲੋਂ ਆਪਣੇ ਖ਼ਰਚ ’ਤੇ ਨੌਜਵਾਨ ਦੀ ਮ੍ਰਿਤਕ ਦੇਹ ਕਨੇਡਾ ਦੇ ਬਰੈਂਪਟਨ ਤੋਂ ਪਿੰਡ ਗੁਰਮ ਲਿਆਂਦੀ ਗਈ।
ਪਿੰਡ ਗੁਰਮ ਵਿਚ ਮ੍ਰਿਤਕ ਦੇਹ ਪੁੱਜਣ ’ਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸਪੁੱਤਰ ਅਤੇ ਯੂਥ ਕਾਂਗਰਸ ਪੰਜਾਬ ਦੇ ਸੀਨੀਅਰ ਆਗੂ ਅਰਣ ਪ੍ਰਤਾਪ ਸਿੰਘ ਢਿੱਲੋਂ, ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਆਰੀ ਵਾਲਾ, ਸੀਨੀਅਰ ਕਾਂਗਰਸੀ ਆਗੂ ਇੰਸਪੈਕਟਰ ਪਿਆਰਾ ਸਿੰਘ ਮਹਾਮਦਪੁਰ, ਗੁਰਮੀਤ ਸਿੰਘ ਮੌੜ ਅਤੇ ਕਮਲਜੀਤ ਸਿੰਘ ਚੱਕ ਨੇ ਮ੍ਰਿਤਕ ਨੌਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਮ੍ਰਿਤਕ ਨੌਜਵਾਨ ਰਾਜਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਰਮ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਭਾਰੀ ਹਾਜ਼ਰੀ ਵਿਚ ਗਮਗੀਨ ਮਾਹੌਲ ਦੌਰਾਨ ਕੀਤਾ ਗਿਆ।