Bathinda News: ਬਠਿੰਡਾ ਦੇ ਠਿੰਡਾ ਇਲਾਕੇ ‘ਚ ਸਰੇਆਮ ਚੱਲ ਰਹੇ ਸੱਟੇ ਦੇ ਕਾਰੋਬਾਰ ਦੀ ਪੋਲ ਉਸ ਵੇਲੇ ਖੁਲ ਗਈ ਜਦੋਂ ਡੇਲੀ ਪੋਸਟ ਦੀ ਟੀਮ ਨੇ ਸੱਚਾਈ ਦੀ ਜਾਂਚ ਕਰਦੇ ਹੋਏ ਮੌਕੇ ‘ਤੇ ਪੁੱਜ ਕੇ ਇਹ ਕਾਰੋਬਾਰ ਕੈਮਰੇ ‘ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸੱਟਾ ਚਲਾਉਣ ਵਾਲਿਆਂ ਨੇ ਨਾਂ ਸਿਰਫ ਕੈਮਰੇ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਸਗੋਂ ਚੱਲਦੇ ਕੈਮਰੇ ਅਤੇ ਮਾਈਕ ਆਈ.ਡੀ. ਨੂੰ ਵੀ ਖੋ ਲਿਆ। ਹਾਲਾਤ ਇੰਨੇ ਵਿਗੜ ਗਏ ਕਿ ਸਟਿੰਗ ਦੌਰਾਨ ਟੀਮ ਨੂੰ ਧੱਕਮੁੱਕੀ ਦਾ ਸਾਹਮਣਾ ਕਰਨਾ ਪਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ‘ਤੇ ਵੱਡੀ ਪੁਲਿਸ ਫੋਰਸ ਪਹੁੰਚੀ। ਘਰ ‘ਚ ਛਾਪਾ ਮਾਰ ਕੇ ਮਾਈਕ ਆਈ.ਡੀ. ਅਤੇ ਕੈਮਰਾ ਬਰਾਮਦ ਕੀਤਾ ਗਿਆ।
ਇਸ ਕਾਰੋਬਾਰ ਸੰਬੰਧੀ ਮਿਲ ਰਹੀਆਂ ਲੋਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਹੀ ਡੇਲੀ ਪੋਸਟ ਦੀ ਟੀਮ ਨੇ ਰਿਪੋਰਟਿੰਗ ਸ਼ੁਰੂ ਕੀਤੀ ਸੀ। ਕੈਮਰੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਨੂੰ ਪੈਸਾ ਦੋਗੁਣਾ ਹੋਣ ਦੇ ਸੁਪਨੇ ਵੇਖਾ ਕੇ ਸੱਟਾ ਲਗਵਾਇਆ ਜਾਂਦਾ ਸੀ। ਸਥਾਨਕ ਲੋਕਾਂ ਨੇ ਕੈਮਰੇ ਸਾਹਮਣੇ ਕਿਹਾ ਕਿ ਕਈ ਲੋਕ ਕਰਜ਼ੇ ‘ਚ ਡੁੱਬਦੇ ਗਏ ਹਨ, ਕੁਝ ਨੇ ਤਾਂ ਖੁਦਕੁਸ਼ੀ ਵੀ ਕਰ ਲਈ।
ਐਸਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਇਹ ਇਲਾਕਾ ਪਹਿਲਾਂ ਵੀ ਸੱਟੇ ਲਈ ਬਦਨਾਮ ਰਹਿ ਚੁੱਕਾ ਹੈ। “ਅਸੀਂ ਪਹਿਲਾਂ ਵੀ ਇਨ੍ਹਾਂ ਉੱਤੇ ਕਾਰਵਾਈ ਕੀਤੀ ਸੀ, ਪਰ ਇਹ ਮੁੜ ਨਵੀਂ ਜਗ੍ਹਾ ਜਾਂ ਨਵੇਂ ਨਾਂ ਨਾਲ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ।”
ਪੁਲਿਸ ਦੀ ਕਾਰਵਾਈ
- ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ
- ਇੱਕ ਗ੍ਰਿਫਤਾਰ: ਮਨਪ੍ਰੀਤ ਸਿੰਘ
- ਦੋ ਫਰਾਰ: ਪ੍ਰਦੀਪ ਕੁਮਾਰ ਅਤੇ ਇੱਕ ਹੋਰ ਵਿਅਕਤੀ
- ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦੀ ਤਾਇਨਾਤੀ
ਸਥਾਨਕ ਲੋਕਾਂ ਦੀ ਮੰਗ
ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਕਾਰੋਬਾਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਅਤੇ ਸਾਖੀ ਹੋਈ ਅਜਿਹੀ ਕਾਰਵਾਈ ਸਿਰਫ਼ ਇੱਕ ਦਿਨ ਦੀ ਨਾਂ ਰਹਿ ਜਾਵੇ।