Parliament Session: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਮਰੀਕਾ ਤੋਂ ਭਾਰਤ ਭੇਜੇ ਗਏ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੇ ਮੁੱਦੇ ‘ਤੇ ਹੋਏ ਹੰਗਾਮੇ ਨੂੰ ਲੈ ਕੇ ਅੱਜ ਦੁਪਹਿਰ 2 ਵਜੇ ਸੰਸਦ ‘ਚ ਬਿਆਨ ਦੇਣਗੇ।
Illegal Immigrants deported: ਅਮਰੀਕਾ ਵਲੋਂ 100 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਮੁੱਦੇ ‘ਤੇ ਵੀਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਇਸ ਮਾਮਲੇ ‘ਤੇ ਚਰਚਾ ਦੀ ਮੰਗ ਕੀਤੀ। ਇਸ ਦੌਰਾਨ ਕਾਂਗਰਸ ਨੇ ਕਿਹਾ- ਭਾਰਤੀਆਂ ਨੂੰ ਜੰਜ਼ੀਰਾਂ ‘ਚ ਬੰਨ੍ਹ ਕੇ ਭੇਜਿਆ ਗਿਆ ਜੋ ਭਾਰਤੀਆਂ ਦਾ ਅਪਮਾਨ ਹੈ।
ਦੱਸ ਦਈਏ ਕਿ ਅੱਜ ਸੰਸਦ ਦੇ 5ਵੇਂ ਦਿਨ ਵਿਰੋਧੀ ਧਿਰ ਦੇ ਸਾਂਸਦ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਹ ਹੱਥਾਂ ‘ਤੇ ਹਥਕੜੀਆਂ ਲੱਗਾ ਕੇ ਸੰਸਦ ਪਹੁੰਚੇ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਮਰੀਕਾ ਤੋਂ ਭਾਰਤ ਭੇਜੇ ਗਏ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੇ ਮੁੱਦੇ ‘ਤੇ ਹੋਏ ਹੰਗਾਮੇ ਨੂੰ ਲੈ ਕੇ ਅੱਜ ਦੁਪਹਿਰ 2 ਵਜੇ ਸੰਸਦ ‘ਚ ਬਿਆਨ ਦੇਣਗੇ। ਇਹ ਐਲਾਨ ਰਾਜ ਸਭਾ ਦੇ ਚੇਅਰਮੈਨ ਨੇ ਕੀਤਾ।
ਵਿਰੋਧੀ ਧਿਰਾਂ ਨੇ ਹਥਕੜੀਆਂ ਪਾ ਕੇ ਸੰਸਦ ਭਵਨ ਵਿੱਚ ਪ੍ਰਦਰਸ਼ਨ ਕੀਤਾ
ਅਮਰੀਕਾ ਤੋਂ ਕਥਿਤ ਗੈਰ-ਕਾਨੂੰਨੀ ਪਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ ‘ਤੇ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ) ਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਸ਼ਾਮਲ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਅਤੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਹੱਥਕੜੀਆਂ ਪਾਈਆਂ ਹੋਈਆਂ ਸਨ। ਉਨ੍ਹਾਂ ‘ਦੇਸ਼ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ’ ਅਤੇ ‘ਹਾਇ ਮੋਦੀ ਸਰਕਾਰ’ ਵਰਗੇ ਨਾਅਰੇ ਲਾਏ।
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕਈ ਹੋਰ ਵਿਰੋਧੀ ਨੇਤਾ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਏ।
ਦੱਸ ਦਈਏ ਕਿ ਇਸ ਮੁੱਦੇ ‘ਤੇ ਸਵੇਰ ਤੋਂ ਹੀ ਦੋਵੇਂ ਸਦਨਾਂ ‘ਚ ਹੰਗਾਮਾ ਹੋ ਰਿਹਾ ਹੈ। ਵਿਰੋਧੀਆਂ ਦੇ ਹੰਗਾਮੇ ਤੋਂ ਬਾਅਦ ਦੋਵੇਂ ਸਦਨ ਦੁਪਹਿਰ 12 ਵਜੇ ਤੱਕ ਮੁਲਤਵੀ ਕੀਤੇ ਗਏ। ਇਸ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ। ਹਾਲਾਂਕਿ ਹੰਗਾਮੇ ਕਾਰਨ ਲੋਕ ਸਭਾ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀਆਂ ਦੇ ਮੁੱਦੇ ‘ਤੇ ਦੁਪਹਿਰ 2 ਵਜੇ ਸੰਸਦ ‘ਚ ਜਵਾਬ ਦੇਣਗੇ।