Pakistan Tik Tok Star Shot Dead: ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਇੱਕ ਟਿੱਕਟੋਕ ਸਟਾਰ ਸਨਾ ਯੂਸਫ਼ ਦੀ ਉਸਦੇ ਘਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
Pakistan Tik Tok Star Sana Yousuf Shot Dead: ਪਾਕਿਸਤਾਨ ਦੇ ਇਸਲਾਮਾਬਾਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇੱਕ ਵਿਅਕਤੀ ਸਨਾ ਦੇ ਘਰ ਵਿੱਚ ਉਸਦੇ ਜਨਮਦਿਨ ‘ਤੇ ਰਿਸ਼ਤੇਦਾਰ ਬਣ ਕੇ ਦਾਖਲ ਹੋਇਆ। ਤੇ ਉਸ ਨੇ ਸਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
17 ਸਾਲਾਂ ਸਨਾ ਯੂਸਫ਼ ਮੂਲ ਰੂਪ ਵਿੱਚ ਚਿਤਰਾਲ ਦੀ ਰਹਿਣ ਵਾਲੀ ਸੀ। ਉਹ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਸੀ। ਸਨਾ ਖਾਸ ਤੌਰ ‘ਤੇ ਚਿਤਰਾਲ ਸੱਭਿਆਚਾਰ, ਔਰਤਾਂ ਦੇ ਅਧਿਕਾਰਾਂ, ਸਿੱਖਿਆ ਅਤੇ ਕਾਮੇਡੀ ਨਾਲ ਭਰੀਆਂ ਆਪਣੀਆਂ ਰੀਲਾਂ ਲਈ ਜਾਣੀ ਜਾਂਦੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਪਹਿਲਾਂ ਘਰ ਦੇ ਬਾਹਰ ਕੁਝ ਦੇਰ ਲਈ ਸਨਾ ਨਾਲ ਗੱਲ ਕਰਦਾ ਰਿਹਾ ਅਤੇ ਫਿਰ ਘਰ ਅੰਦਰ ਆ ਕੇ ਗੋਲੀਆਂ ਚਲਾਈਆਂ। ਸਨਾ ਨੂੰ ਬਹੁਤ ਨੇੜਿਓਂ ਦੋ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਬਾਰੀ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਿਆ।
ਅਧਿਕਾਰੀਆਂ ਨੇ ਸ਼ੁਰੂ ਕੀਤੀ ਕਤਲ ਦੀ ਜਾਂਚ
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਨਾ ਦੀ ਲਾਸ਼ ਨੂੰ ਬਾਅਦ ਵਿੱਚ ਪੋਸਟਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਲਿਜਾਇਆ ਗਿਆ। ਅਧਿਕਾਰੀਆਂ ਨੇ ਕਤਲ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹਮਲਾਵਰ ਮ੍ਰਿਤਕ ਸਨਾ ਨੂੰ ਜਾਣਦਾ ਸੀ।
ਘਟਨਾ ਤੋਂ ਤੁਰੰਤ ਬਾਅਦ ਸਨਾ ਨੂੰ PIMS ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਤੋਂ ਬਾਅਦ, ਸਨਾ ਨੂੰ ਇਸਲਾਮਾਬਾਦ ਦੇ H-8 ਕਬਰਸਤਾਨ ਵਿੱਚ ਦਫ਼ਨਾਇਆ ਗਿਆ।
ਸਨਾ ਦੀ ਮਾਂ ਫਰਜ਼ਾਨਾ ਯੂਸਫ਼ ਨੇ ਮਾਮਲੇ ‘ਚ ਐਫਆਈਆਰ ਦਰਜ ਕਰਵਾਈ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਇੱਕ ਅਣਜਾਣ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਸੀ। ਉਸਨੇ ਉਸਦੀ ਧੀ ‘ਤੇ ਦੋ ਗੋਲੀਆਂ ਚਲਾਈਆਂ। ਉਸਨੇ ਕਿਹਾ ਕਿ ਜੇਕਰ ਕਾਤਲ ਉਸਦੇ ਸਾਹਮਣੇ ਆਉਂਦਾ ਹੈ, ਤਾਂ ਉਹ ਉਸਨੂੰ ਪਛਾਣ ਸਕਦੀ ਹੈ।
ਕੌਣ ਸੀ ਸਨਾ ਯੂਸਫ਼
ਸਨਾ ਦੇ TikTok ‘ਤੇ 7.25 ਲੱਖ ਫੋਲੋਅਰਜ਼ ਹਨ ਤੇ ਇੰਸਟਾਗ੍ਰਾਮ ‘ਤੇ ਲਗਭਗ 5 ਲੱਖ ਫੋਲੋਅਰਜ਼ ਹਨ। ਉਸਦੀ ਲੁੱਕ ਕਾਰਨ, ਲੋਕਾਂ ਨੇ ਉਸਦੀ ਤੁਲਨਾ ਮਸ਼ਹੂਰ ਐਕਰਸ ਹਨੀਆ ਆਮਿਰ ਨਾਲ ਵੀ ਕੀਤੀ। ਇਸ ਸਮੇਂ, ਸਨਾ ਮੈਡੀਕਲ ਦੀ ਤਿਆਰੀ ਕਰ ਰਹੀ ਸੀ।