Panjab University Holiday: ਪੰਜਾਬ ‘ਚ 27 ਦਸੰਬਰ ਯਾਨੀ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਐਲਾਨ ਪੰਜਾਬ ਯੂਨੀਵਰਸਿਟੀ (PU) ਨੇ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਕਿਹਾ ਹੈ ਕਿ ਖੇਤਰੀ ਕੇਂਦਰਾਂ ਅਤੇ ਪੇਂਡੂ ਕੇਂਦਰਾਂ ਸਮੇਤ ਪੰਜਾਬ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਦੇ ਸਾਰੇ ਅਦਾਰੇ, ਕਾਲਜ ਅਤੇ ਮਾਨਤਾ ਪ੍ਰਾਪਤ ਕਾਲਜ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੇ ਅਦਾਰਿਆਂ ਦੇ ਦਫ਼ਤਰਾਂ ਵਿੱਚ ਛੁੱਟੀ ਰਹੇਗੀ। ਇਹ ਫੈਸਲਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਲਿਆ ਗਿਆ ਹੈ। 27 ਦਸੰਬਰ ਨੂੰ ਰਾਸ਼ਟਰੀ ਬਾਲ ਸ਼ਹੀਦੀ ਦਿਵਸ ਐਲਾਨਿਆ ਗਿਆ।
ਜਾਣੋ ਸਹਿਬਜ਼ਾਦਿਆਂ ਦਾ ਇਤਿਹਾਸ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਲਗਾਇਆ ਜਾਂਦਾ ਹੈ। ਦੂਰ-ਦੁਰਾਡੇ ਤੋਂ ਸੰਗਤ ਸ਼ਹੀਦੀ ਦਿਹਾੜੇ ‘ਤੇ ਮੱਥਾ ਟੇਕਣ ਆਉਂਦੀਆਂ ਹਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਦਾ ਪਰਿਵਾਰ ਸਿਰਸਾ ਨਦੀ ‘ਤੇ ਵਿਛੜ ਗਿਆ। ਵੱਡੇ ਦੋ ਸਾਹਿਬਜ਼ਾਦੇ ਗੁਰੂ ਜੀ ਕੋਲ ਰਹੇ ਅਤੇ ਛੋਟੇ ਦੋ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਰਹੇ। ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਮੁਗਲਾਂ ਨਾਲ ਜੰਗ ਦੌਰਾਨ ਸ਼ਹੀਦ ਹੋਏ ਸੀ।
ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ‘ਚ ਚੁਣਵਾਇਆ ਗਿਆ
1705 ਵਿੱਚ, ਮੁਗਲਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ 7 ਸਾਲ ਦੇ ਬਾਬਾ ਫਤਹਿ ਸਿੰਘ ਨੂੰ ਮਾਤਾ ਗੁਜਰੀ ਦੇ ਨਾਲ ਪਿੰਡ ਸਹੇੜੀ ਦੇ ਕੋਲ ਫੜ ਲਿਆ ਅਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਲੈ ਗਏ ਅਤੇ ਉੱਥੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਗਿਆ। ਪਰ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਮਾਤਾ ਜੀ ਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਮੁਗਲਾਂ ਨੇ ਤਿੰਨ ਦਿਨ ਅਤੇ ਦੋ ਰਾਤਾਂ ਤਸੀਹੇ ਦੇਣ ਲਈ ਠੰਢੇ ਬੁਰਜ ਵਿਚ ਰੱਖਿਆ। ਮੁਗਲਾਂ ਅੱਗੇ ਨਾ ਝੁੱਕਣ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ‘ਚ ਚੁਣਵਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਮਾਤਾ ਗੁਜਰੀ ਨੇ ਵੀ ਆਪਣੀ ਜਾਨ ਕੁਰਬਾਨ ਕਰ ਦਿੱਤੀ।