Patiala News: ਹਲਕਾ ਸਨੌਰ ਦੇ ਪਿੰਡ ਨਗਰ ‘ਚ ਇੱਕ ਨਸ਼ੇੜੀ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਗਈ। ਇਹ ਹਾਦਸਾ ਰਾਤ ਦੇ ਸਮੇਂ ਵਾਪਰਿਆ, ਜਿਸ ਕਾਰਨ ਘਰ ਵਿੱਚ ਪਿਆ ਕਣਕ, ਕਪੜੇ, ਰਾਸ਼ਨ, ਜਰੂਰੀ ਕਾਗ਼ਜ਼ਾਤ, ਅਧਾਰ ਕਾਰਡ, ਬੱਚਿਆਂ ਦੇ ਸਰਟੀਫਿਕੇਟ, ਬੈਂਕ ਦੀ ਕਾਪੀ ਅਤੇ ਕੁਝ ਨਕਦ ਰਕਮ ਸਬ ਕੁਝ ਸੁਆਹ ਹੋ ਗਿਆ।
ਦੋਸ਼ੀ ਵਿਅਕਤੀ ਦੀ ਪਹਚਾਣ ਬਲਵੀਰ ਸਿੰਘ ਸੋਢੀ ਵਜੋਂ ਹੋਈ ਹੈ। ਉਸ ਦੀ ਧਰਮਪਤਨੀ ਸੁਨੀਤਾ ਦੇਵੀ ਨੇ ਦੱਸਿਆ ਕਿ ਬਲਵੀਰ ਸਿੰਘ ਲੰਮੇ ਸਮੇਂ ਤੋਂ ਨਸ਼ੇ ਦਾ ਆਦਿ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਘਰ ਨੂੰ ਅੱਗ ਲਾ ਚੁੱਕਾ ਹੈ।
ਸੁਨੀਤਾ ਦੇਵੀ ਨੇ ਦੱਸਿਆ ਕਿ ਰਾਤ ਕਿਸੇ ਗੱਲ ਨੂੰ ਲੈ ਕੇ ਘਰ ਵਿੱਚ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਸ਼ਰਾਬੀ ਹਾਲਤ ਵਿੱਚ ਘਰ ਨੂੰ ਅੱਗ ਲਾ ਦਿੱਤੀ।
ਪਿੰਡ ਵਾਸੀਆਂ ਨੇ ਤੁਰੰਤ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ਉੱਤੇ ਕਾਬੂ ਪਾਇਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਸਾਰੀ ਘਰਵਾਰੀ ਸਮੱਗਰੀ ਸੜ ਕੇ ਰਾਖ ਹੋ ਚੁੱਕੀ ਹੈ।
ਪਿੰਡ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇੜੀ ਵਿਅਕਤੀ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਇਨਸਾਨੀ ਜਾਨਾਂ ਅਤੇ ਜਾਇਦਾਦ ਦਾ ਨੁਕਸਾਨ ਨਾ ਹੋਵੇ।