Photo Gallery; ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਮਨਾਇਆ ਗਿਆ ਯਾਤਰੀ ਸੇਵਾ ਦਿਵਸ 2025, ਯਾਤਰੀਆਂ ਦਾ ਟਿੱਕਾ ਤੇ ਰਵਾਇਤੀ ਸਵਾਗਤ ਕਰ ਵਧਾਇਆ ਉਤਸ਼ਾਹ
Passenger Service Day 2025; ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ‘ਤੇ ਯਾਤਰੀ ਸੇਵਾ ਦਿਵਸ 2025 ਧੂਮਧਾਮ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸਦਾ ਮਕਸਦ ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣਾ, ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰਨਾ ਅਤੇ ਇੱਕ ਸਹਿਜ ਯਾਤਰਾ ਵਾਤਾਵਰਨ ਪੈਦਾ ਕਰਨਾ ਹੈ।

ਇਸ ਮੌਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਯਾਤਰੀਆਂ ਦਾ ਮੱਥੇ ‘ਤੇ ਟਿੱਕਾ ਕਰਕੇ ਤੇ ਗਰਮਜੋਸ਼ੀ ਨਾਲ ਰਵਾਇਤੀ ਸਵਾਗਤ ਕੀਤਾ ਗਿਆ। “ਇੱਕ ਪੇੜ ਮਾਂ ਦੇ ਨਾਮ” ਹੇਠ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿਸ ਵਿਚ ਏਅਰਪੋਰਟ ਡਾਇਰੈਕਟਰ ਤੇ ਸਟਾਫ ਵੱਲੋਂ ਭਾਗ ਲਿਆ ਗਿਆ।

ਪੰਜਾਬ ਦੀ ਰੰਗੀਨ ਸਭਿਆਚਾਰ ਨੂੰ ਦਰਸਾਉਣ ਲਈ ਲਾਈਵ ਕਲਚਰਲ ਸ਼ੋਅ ਰੱਖਿਆ ਗਿਆ, ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਗਿੱਧੇ-ਭੰਗੜੇ ਦੀਆਂ ਪੇਸ਼ਕਾਰੀਆਂ ਕਰਕੇ ਸਭ ਦਾ ਮਨ ਮੋਹ ਲਿਆ।
ਕਾਰਜਕ੍ਰਮ ਦੌਰਾਨ 5 ਤੋਂ 12 ਸਾਲ ਦੇ ਬੱਚਿਆਂ ਲਈ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਯਾਤਰੀਆਂ ਅਤੇ ਸਥਾਨਕ ਲੋਕਾਂ ਲਈ ਖੂਨਦਾਨ ਕੈਂਪ ਲਗਾਇਆ ਗਿਆ,

ਜਿੱਥੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੀਮੋਗਲੋਬਿਨ ਦੀ ਜਾਂਚ ਕੀਤੀ ਗਈ। ਮੁਫ਼ਤ ਸਿਹਤ ਜਾਂਚ ਕਿਓਸਕ ਵੀ ਸਥਾਪਿਤ ਕੀਤੇ ਗਏ ਅਤੇ ਟਰਮੀਨਲ ਦੇ ਬਾਹਰ ਟੈਕਸੀ ਤੇ ਆਟੋ ਚਾਲਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।
10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਵਾਈ ਅੱਡੇ ਦਾ ਗਾਈਡਿਡ ਟੂਰ ਕਰਵਾਇਆ ਗਿਆ ਤਾਂ ਜੋ ਉਹ ਹਵਾਈ ਅੱਡੇ ਦੇ ਸੰਚਾਲਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।

ਯਾਤਰੀਆਂ ਤੋਂ ਉਹਨਾਂ ਦੇ ਤਜਰਬੇ ਅਤੇ ਸੁਝਾਅ ਵੀ ਲਏ ਗਏ ਤਾਂ ਕਿ ਭਵਿੱਖ ਵਿਚ ਹਵਾਈ ਅੱਡੇ ਨੂੰ ਹੋਰ ਵੀ ਯਾਤਰੀ-ਅਨੁਕੂਲ ਬਣਾਇਆ ਜਾ ਸਕੇ।
ਅੰਮ੍ਰਿਤਸਰ ਏਅਰਪੋਰਟ ਡਾਇਰੈਕਟਰ ਸੁਰਦਰਸ਼ਨ ਕੁਮਾਰ ਕਪਾਹੀ ਨੇ ਕਿਹਾ ਕਿ ਇਹ ਉਪਰਾਲਾ ਯਾਤਰੀਆਂ ਨੂੰ ਵਧੀਆ ਸੁਵਿਧਾਵਾਂ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ।

ਡਾ. ਪ੍ਰਿਯੰਕਾ ਗੋਇਲ ਨੇ ਵੀ ਏਅਰਪੋਰਟ ਅਥਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੁੱਖ ਲਗਾਉਣ ਵਰਗੇ ਉਪਰਾਲੇ ਸਮਾਜ ਨੂੰ ਵਾਤਾਵਰਣ ਸੰਰੱਖਣ ਵੱਲ ਪ੍ਰੇਰਿਤ ਕਰਨਗੇ।

ਯਾਤਰੀਆਂ ਨੇ ਵੀ ਇਸ ਪਹਿਲ ਨੂੰ ਸਿਰਾਹਿਆ ਅਤੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਖਾਸ ਅਨੁਭਵ ਮਿਲਿਆ।