PM Modi US Visit: PM ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਗੱਲਬਾਤ ‘ਚ ਵਪਾਰ ਤੋਂ ਲੈ ਕੇ ਤਕਨਾਲੋਜੀ ਤੱਕ ਕਈ ਸਮਝੌਤੇ ਹੋਏ। ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਦੇ ਮਕਸਦ ਨਾਲ ਇਹ ਮੁਲਾਕਾਤ ਮਹੱਤਵਪੂਰਨ ਸੀ।
PM Modi met Donald Trump: ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਸ਼ਾਮ (ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ 3 ਵਜੇ) ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ। ਇਸ ਬੈਠਕ ‘ਚ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ, ਰੱਖਿਆ ਸਹਿਯੋਗ, ਅੱਤਵਾਦ ਵਿਰੋਧੀ ਰਣਨੀਤੀ ਅਤੇ ਊਰਜਾ ਸਾਂਝੇਦਾਰੀ ਵਰਗੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਦੋਵਾਂ ਦੇਸ਼ਾਂ ਨੇ ਅਗਲੇ ਪੰਜ ਸਾਲਾਂ ਵਿੱਚ ਆਪਸੀ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ। ਇਸ ਦੌਰਾਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਵੀ ਪ੍ਰਗਟਾਈ ਗਈ।
- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਇੱਕ ਪ੍ਰਮੁੱਖ ਰਣਨੀਤਕ ਸਹਿਯੋਗੀ ਦੱਸਿਆ। ਉਨ੍ਹਾਂ ਨੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕਵਾਡ (ਭਾਰਤ, ਅਮਰੀਕਾ, ਜਾਪਾਨ, ਆਸਟ੍ਰੇਲੀਆ) ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਪ੍ਰਗਟਾਈ।
- ਅਮਰੀਕਾ ਭਾਰਤ ਨੂੰ ਹੋਰ ਰੱਖਿਆ ਤਕਨਾਲੋਜੀ ਅਤੇ ਫੌਜੀ ਸਾਜ਼ੋ-ਸਾਮਾਨ ਦੇਣ ਲਈ ਸਹਿਮਤ ਹੋਇਆ। ਟਰੰਪ ਨੇ ਕਿਹਾ ਕਿ ਭਾਰਤ ਨੂੰ ਅਤਿ-ਆਧੁਨਿਕ ਹਥਿਆਰ, ਲੜਾਕੂ ਜਹਾਜ਼ ਅਤੇ ਫੌਜੀ ਪ੍ਰਣਾਲੀ ਮੁਹੱਈਆ ਕਰਵਾਈ ਜਾਵੇਗੀ। ਦੋਵਾਂ ਦੇਸ਼ਾਂ ਨੇ ਰੱਖਿਆ ਖੇਤਰ ਵਿੱਚ ਸੰਯੁਕਤ ਉਤਪਾਦਨ ਅਤੇ ਤਕਨਾਲੋਜੀ ਦੇ ਤਬਾਦਲੇ ਨੂੰ ਵਧਾਉਣ ਦਾ ਵੀ ਫੈਸਲਾ ਕੀਤਾ।
- ਅਮਰੀਕਾ ਹੁਣ ਭਾਰਤ ਨੂੰ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਵਧਾਏਗਾ। ਦੋਵਾਂ ਦੇਸ਼ਾਂ ਨੇ ਨਵਿਆਉਣਯੋਗ ਊਰਜਾ ਵਰਗੇ ਪ੍ਰੋਜੈਕਟਾਂ ‘ਤੇ ਮਿਲ ਕੇ ਕੰਮ ਕਰਨ ਦੀ ਯੋਜਨਾ ਵੀ ਬਣਾਈ ਹੈ। ਇਸ ਨਾਲ ਭਾਰਤ ਨੂੰ ਆਪਣੇ ਊਰਜਾ ਸਰੋਤਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
- ਦੋਵਾਂ ਦੇਸ਼ਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ। ਇਸ ਦੇ ਤਹਿਤ ਐਡਵਾਂਸਡ ਏਆਈ ਸਿਸਟਮ ਵਿਕਸਿਤ ਕੀਤਾ ਜਾਵੇਗਾ, ਜੋ ਸਿਹਤ, ਸਿੱਖਿਆ, ਰੱਖਿਆ ਅਤੇ ਹੋਰ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦਾ ਹੈ। ਭਾਰਤੀ ਸਟਾਰਟਅੱਪ ਅਤੇ ਤਕਨੀਕੀ ਕੰਪਨੀਆਂ ਨੂੰ ਵੀ ਇਸ ਸਾਂਝੇਦਾਰੀ ਦਾ ਫਾਇਦਾ ਹੋਵੇਗਾ।
- ਭਾਰਤ ਨਾਲ ਵਪਾਰ ਅਸੰਤੁਲਨ ਸਬੰਧੀ ਅਮਰੀਕਾ ਦੀ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਟਰੰਪ ਨੇ ਕਿਹਾ ਕਿ ਵਪਾਰ ਘਾਟੇ ਨੂੰ ਘੱਟ ਕਰਨ ਲਈ ਅਮਰੀਕਾ ਭਾਰਤ ਨਾਲ ਨਵੇਂ ਸਮਝੌਤੇ ਕਰੇਗਾ।
- ਦੋਵੇਂ ਦੇਸ਼ ਸੈਮੀਕੰਡਕਟਰ ਨਿਰਮਾਣ ਅਤੇ ਕੁਆਂਟਮ ਕੰਪਿਊਟਿੰਗ ਦੇ ਖੇਤਰ ਵਿੱਚ ਸਾਂਝੀ ਖੋਜ ਅਤੇ ਵਿਕਾਸ ‘ਤੇ ਸਹਿਮਤ ਹੋਏ। ਅਮਰੀਕਾ ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ।
- ਭਾਰਤ ਅਤੇ ਅਮਰੀਕਾ ਸਾਂਝੇ ਤੌਰ ‘ਤੇ ਛੋਟੇ ਪਰਮਾਣੂ ਮਾਡਿਊਲਰ ਰਿਐਕਟਰ ਵਿਕਸਿਤ ਕਰਨਗੇ। ਇਸ ਨਾਲ ਸਾਫ਼ ਅਤੇ ਟਿਕਾਊ ਊਰਜਾ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਦੋਵਾਂ ਦੇਸ਼ਾਂ ਦੀਆਂ ਊਰਜਾ ਲੋੜਾਂ ਵੀ ਪੂਰੀਆਂ ਹੋਣਗੀਆਂ।
- ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਲਾਸ ਏਂਜਲਸ ਅਤੇ ਬੋਸਟਨ ਵਿੱਚ ਨਵੇਂ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ। ਇਸ ਨਾਲ ਭਾਰਤੀ ਪ੍ਰਵਾਸੀਆਂ ਨੂੰ ਕੌਂਸਲਰ ਸੇਵਾਵਾਂ ਦਾ ਲਾਭ ਮਿਲੇਗਾ।
- 2008 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਲੰਬੇ ਸਮੇਂ ਤੋਂ ਰਾਣਾ ਨੂੰ ਸੌਂਪਣ ਦੀ ਮੰਗ ਕਰ ਰਿਹਾ ਸੀ।
- ਦੋਵਾਂ ਦੇਸ਼ਾਂ ਨੇ ਅੱਤਵਾਦ ਖਿਲਾਫ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਅੱਤਵਾਦੀ ਸੰਗਠਨਾਂ ਦੇ ਵਿੱਤ ਪੋਸ਼ਣ ਨੂੰ ਰੋਕਣ, ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਆਲਮੀ ਅੱਤਵਾਦ ਵਿਰੋਧੀ ਮੁਹਿੰਮਾਂ ‘ਚ ਸਹਿਯੋਗ ਵਧਾਉਣ ‘ਤੇ ਗੱਲਬਾਤ ਹੋਈ।