PM Modi: ਅਮਰੀਕਾ ਦੇ ਨਿਊ ਓਰਲੀਨਜ਼ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਕੁਚਲ ਦਿੱਤਾ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਅੱਤਵਾਦੀ ਦੱਸਿਆ।
New Orleans Terror Attack: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਨਿਊ ਓਰਲੀਨਜ਼ ‘ਚ ਹੋਏ ਭਿਆਨਕ ਅੱਤਵਾਦੀ ਹਮਲੇ ‘ਤੇ ਸਖ਼ਤ ਰੋਸ ਪ੍ਰਗਟਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਕੇ ਉਨ੍ਹਾਂ ਨੇ ਇਸ ਅੱਤਵਾਦੀ ਹਮਲੇ ਨੂੰ ਕਾਇਰਤਾਪੂਰਨ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਅਸੀਂ ਨਿਊ ਓਰਲੀਨਜ਼ ਵਿੱਚ ਇਸ ਕਾਇਰਾਨਾ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਡੀਆਂ ਪ੍ਰਾਰਥਨਾਵਾਂ ਅਤੇ ਸੰਵੇਦਨਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਇਸ ਦੁਖਦਾਈ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਅੱਤਵਾਦ ਵਿਰੁੱਧ ਲੜਨਾ ਪਵੇਗਾ।
ਜਾਣੋ ਪੂਰਾ ਮਾਮਲਾ?
ਨਿਊ ਓਰਲੀਨਜ਼ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਕੁਚਲ ਦਿੱਤਾ। ਟੈਕਸਾਸ ਦਾ ਰਹਿਣ ਵਾਲਾ 42 ਸਾਲਾ ਸ਼ਮਸੁਦੀਨ ਜੱਬਾਰ ਮੁੱਖ ਮੁਲਜ਼ਮ ਹੈ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਅੱਤਵਾਦੀ ਦੱਸਿਆ। ਉਸ ਦੀ ਕਾਰ ‘ਚੋਂ ਦੋ ਘਰੇਲੂ ਬੰਬਾਂ ਤੋਂ ਇਲਾਵਾ ISIS ਦਾ ਝੰਡਾ ਵੀ ਮਿਲਿਆ। ਚਸ਼ਮਦੀਦਾਂ ਮੁਤਾਬਕ ਅਚਾਨਕ ਹੋਏ ਧਮਾਕੇ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਜਾਣਬੁੱਝ ਕੇ ਟਰੱਕ ਨੂੰ ਭੀੜ ‘ਤੇ ਚੜ੍ਹਾ ਦਿੱਤਾ ਅਤੇ ਫਿਰ ਗੱਡੀ ਦੇ ਅੰਦਰੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ, ਅਮਰੀਕੀ ਅਧਿਕਾਰੀਆਂ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ। ਇਸ ਹਮਲੇ ‘ਚ ਦਰਜਨਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਜ਼ਖ਼ਮੀ ਹੋਏ ਹਨ।
ਕੌਣ ਹੈ ਹਮਲਾਵਰ ਸ਼ਮਸੁਦੀਨ ਜੱਬਾਰ ?
FBI ਮੁਤਾਬਕ ਜੱਬਾਰ ਟੈਕਸਾਸ ਦਾ ਵਸਨੀਕ ਸੀ ਤੇ ਅਮਰੀਕੀ ਫ਼ੌਜ ਦਾ ਸੇਵਾਮੁਕਤ ਸਿਪਾਹੀ ਸੀ। FBI ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਅੱਤਵਾਦੀ ਸੰਗਠਨਾਂ ਨਾਲ ਜੱਬਰ ਦੀ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਕਰ ਰਹੇ ਹਨ। ਪੁਲਿਸ ਮੁਤਾਬਕ ਜੱਬਰ ਹਿਊਸਟਨ ‘ਚ ਰੀਅਲ ਅਸਟੇਟ ਏਜੰਟ ਦੇ ਤੌਰ ‘ਤੇ ਕੰਮ ਕਰਦਾ ਸੀ ਤੇ ਫੌਜ ‘ਚ ਆਈਟੀ ਸਪੈਸ਼ਲਿਸਟ ਵਜੋਂ ਕੰਮ ਕਰ ਚੁੱਕਿਆ ਹੈ।
ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਜੱਬਰ ਨੂੰ ਮਾਮੂਲੀ ਅਪਰਾਧਾਂ ਲਈ ਦੋ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ-ਪਹਿਲਾ 2002 ਵਿੱਚ ਚੋਰੀ ਲਈ ਅਤੇ ਦੂਜਾ 2005 ਵਿੱਚ ਇੱਕ ਅਵੈਧ ਲਾਇਸੈਂਸ ਨਾਲ ਡਰਾਈਵਿੰਗ ਕਰਨ ਲਈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਜੱਬਰ ਨੇ ਦੋ ਵਾਰ ਵਿਆਹ ਕੀਤਾ ਸੀ ਅਤੇ 2022 ਵਿੱਚ ਆਪਣੀ ਦੂਜੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ।