ਪੰਜਾਬ ‘ਚ ਵਧਿਆ ਪ੍ਰਦੂਸ਼ਣ ਦਾ ਪੱਧਰ, ਪਰਾਲੀ ਸਾੜਨ ਦੇ 100 ਨਵੇਂ ਮਾਮਲੇ ਆਏ ਸਾਹਮਣੇ, ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਿਲ
Pollution levels increase in Punjab: ਵੀਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 100 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੁੱਲ ਗਿਣਤੀ 3,384 ਹੋ ਗਈ।
Stubble Burning Cases in Punjab: ਪੰਜਾਬ ‘ਚ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਸ਼ੁੱਕਰਵਾਰ ਨੂੰ ਮੰਡੀ ਗੋਬਿੰਦਗੜ੍ਹ ਅਤੇ ਬਠਿੰਡਾ ਵਿੱਚ ਕ੍ਰਮਵਾਰ 218 ਅਤੇ 205 ਦਾ AQI ਦਰਜ ਕੀਤਾ ਗਿਆ। ਪੰਜ ਸ਼ਹਿਰਾਂ ਵਿੱਚ ਪੀਲੇ ਜ਼ੋਨ ਵਿੱਚ AQI ਦਰਜ ਕੀਤਾ ਗਿਆ, ਜਿਸ ‘ਚ ਜਲੰਧਰ ਵਿੱਚ 182, ਖੰਨਾ ਵਿੱਚ 178, ਅੰਮ੍ਰਿਤਸਰ ਵਿੱਚ 149, ਲੁਧਿਆਣਾ ਵਿੱਚ 142 ਅਤੇ ਪਟਿਆਲਾ ਵਿੱਚ 148। ਵੀਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 100 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੁੱਲ ਗਿਣਤੀ 3,384 ਹੋ ਗਈ।
ਪਰਾਲੀ ਸਾੜਣ ਦੇ ਮਾਮਲਿਆਂ ‘ਚ ਸੰਗਰੂਰ ਪਹਿਲੇ ਸਥਾਨ ‘ਤੇ
ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ, ਪਰਾਲੀ ਸਾੜਨ ਦੇ 566 ਮਾਮਲਿਆਂ ਨਾਲ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ। ਤਰਨਤਾਰਨ 541 ਮਾਮਲਿਆਂ ਨਾਲ ਦੂਜੇ ਸਥਾਨ ‘ਤੇ ਹੈ ਅਤੇ ਫਿਰੋਜ਼ਪੁਰ 334 ਮਾਮਲਿਆਂ ਨਾਲ ਤੀਜੇ ਸਥਾਨ ‘ਤੇ ਹੈ।
ਸੰਗਰੂਰ, ਤਰਨਤਾਰਨ ਅਤੇ ਫਿਰੋਜ਼ਪੁਰ ਤੋਂ ਬਾਅਦ, ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ (280), ਬਠਿੰਡਾ (234), ਪਟਿਆਲਾ (191), ਕਪੂਰਥਲਾ (111), ਮਾਨਸਾ (154), ਮੁਕਤਸਰ (162), ਮੋਗਾ (178), ਲੁਧਿਆਣਾ (125), ਬਰਨਾਲਾ (70), ਮਲੇਰਕੋਟਲਾ (69), ਜਲੰਧਰ (57), ਫਾਜ਼ਿਲਕਾ (76), ਫਰੀਦਕੋਟ (77), ਫਤਿਹਗੜ੍ਹ ਸਾਹਿਬ (35), ਐਸਏਐਸ ਨਗਰ (29), ਹੁਸ਼ਿਆਰਪੁਰ (15) ਤੋਂ ਸਾਹਮਣੇ ਆਏ।
ਸ਼ੁੱਕਰਵਾਰ ਨੂੰ ਮੋਗਾ ਵਿੱਚ ਪਰਾਲੀ ਸਾੜਨ ਦੇ 13, ਮੁਕਤਸਰ ‘ਚ 16, ਸੰਗਰੂਰ ‘ਚ 9, ਲੁਧਿਆਣਾ ‘ਚ 12, ਫਿਰੋਜ਼ਪੁਰ ਵਿੱਚ 9, ਬਠਿੰਡਾ ਵਿੱਚ 6, ਅੰਮ੍ਰਿਤਸਰ ਵਿੱਚ 1, ਮਾਨਸਾ ਵਿੱਚ 2 ਅਤੇ ਪਟਿਆਲਾ ਵਿੱਚ 2 ਮਾਮਲੇ ਸਾਹਮਣੇ ਆਏ। ਪਰਾਲੀ ਸਾੜਨ ਵਾਲਿਆਂ ਵਿਰੁੱਧ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ‘ਚ 1367 ਮਾਮਲਿਆਂ ‘ਚ 71 ਲੱਖ 80 ਹਜ਼ਾਰ ਰੁਪਏ ਦਾ ਜੁਰਮਾਨਾ
6 ਨਵੰਬਰ ਤੱਕ ਪੰਜਾਬ ‘ਚ 1367 ਮਾਮਲਿਆਂ ‘ਚ 71 ਲੱਖ 80 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਚੋਂ 37 ਲੱਖ 40 ਹਜ਼ਾਰ ਰੁਪਏ ਵਸੂਲੇ ਗਏ ਹਨ। ਇਸ ਦੇ ਨਾਲ ਹੀ 1092 ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ 1328 ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ।