Pathankot News: ਮੰਤਰੀ ਨੇ ਕਿਹਾ ਕਿ ਸਾਡੇ ਜਵਾਨ 24 ਘੰਟੇ ਸਰਹੱਦਾਂ ਦੀ ਰਾਖੀ ਕਰਦੇ ਹਨ ਪਰ ਇੱਥੇ ਆ ਪਤਾ ਚਲਿਆ ਕਿ ਸੀਮਾ ‘ਤੇ ਰਾਖੀ ਕਰਨ ਵਾਲੇ ਇਨ੍ਹਾਂ ਜਵਾਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Pathankot BSF Jawans: ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਨੀਵਾਰ ਨੂੰ ਪਠਾਨਕੋਟ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਕਮਲਜੀਤ ਸਿੰਘ ਪੋਸਟ ਦਾ ਦੌਰਾ ਕੀਤਾ। ਉਨ੍ਹਾਂ ਨੇ ਬੀਐਸਐਫ ਦੀ ਨਵੀਂ ਬਟਾਲੀਅਨ ਨਾਲ ਤਾਲਮੇਲ ਮੀਟਿੰਗ ਕੀਤੀ। ਮੰਤਰੀ ਨੇ ਮੀਟਿੰਗ ਵਿੱਚ ਸੈਨਿਕਾਂ ਦਾ ਮਨੋਬਲ ਵਧਾਇਆ।
ਦੱਸ ਦਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਠਾਨਕੋਟ ਨੂੰ ਸਰਹੱਦੀ ਖੇਤਰ ਹੋਣ ਕਰਕੇ ਅਲਰਟ ‘ਤੇ ਰੱਖਿਆ ਗਿਆ ਹੈ। ਪਠਾਨਕੋਟ ਦੇ ਇਕ ਪਾਸੇ ਪਾਕਿਸਤਾਨ ਦੀ ਸਰਹੱਦ ਲਗਦੀ ਹੈ ਅਤੇ ਦੂਜੇ ਪਾਸੇ ਜੰਮੂ ਕਸ਼ਮੀਰ ਦਾ ਬਾਰਡਰ ਲਗਦਾ ਹੈ। ਇਹੀ ਕਾਰਨ ਹੈ ਕਿ ਸੂਬਾ ਸਰਕਾਰ ਨੇ ਬੀਐਸਐਫ ਦੀ ਮਦਦ ਲਈ 5000 ਹੋਮਗਾਰਡ ਦੇ ਜਵਾਨ ਪੁਲਿਸ ‘ਚ ਭਰਤੀ ਕਰਨ ਦਾ ਐਲਾਨ ਕੀਤਾ ਹੈ। ਸੁਰੱਖਿਆ ਨੂੰ ਪੁਖਤਾ ਬਣਾਉਣ ਦੇ ਲਈ ਸਿਆਸੀ ਆਗੂਆਂ ਵਲੋਂ ਸੁਰਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇਸ ਸਬੰਧੀ ਜਦ ਕੈਬਿਨੇਟ ਮੰਤਰੀ ਲਾਲਚੰਦ ਕਟਾਰੁਚਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ‘ਚ ਦਹਿਸ਼ਦਗਰਦੀ ਹਮਲੇ ਤੋਂ ਬਾਅਦ ਪਠਾਨਕੋਟ ਸੁਖੀਆ ਦੇ ਲਿਹਾਜ਼ ਨਾਲ ਬਹੁਤ ਅਹਿਮ ਹੋ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਸਾਡੇ ਜਵਾਨ 24 ਘੰਟੇ ਸਰਹੱਦਾਂ ਦੀ ਰਾਖੀ ਕਰਦੇ ਹਨ ਪਰ ਇੱਥੇ ਆ ਪਤਾ ਚਲਿਆ ਕਿ ਸੀਮਾ ‘ਤੇ ਰਾਖੀ ਕਰਨ ਵਾਲੇ ਇਨ੍ਹਾਂ ਜਵਾਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚਲਦੇ ਸੂਬਾ ਸਰਕਾਰ ਵਲੋਂ ਮੈਂ ਇਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹਲ ਕੀਤਾ ਜਾਵੇਗਾ। ਮੰਤਰੀ ਨੂੰ ਦੱਸਿਆ ਗਿਆ ਕਿ ਕਈ ਬੀਐਸਐਫ ਚੌਕੀਆਂ ‘ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ। ਕਟਾਰੂਚੱਕ ਨੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਮੰਤਰੀ ਦੇ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਅਤੇ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਰਹੇ।