ਪੰਜਾਬ ਕੈਬਿਨੇਟ ‘ਚ ਫੇਰਬਦਲ, Ravjot Singh ਤੇ Harpal Singh Cheema ਨੂੰ ਸੋਂਪੀ ਅਹਿਮ ਜ਼ਿਮੇਵਾਰੀ
Punjab Cabinet Reshuffle; ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ (ਡੀਐਮ) ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਤੋਂ ਬਾਅਦ ਮੰਤਰੀ ਪਦ ਤੋਂ ਹਟਾਏ ਗਏ ਲਾਲਜੀਤ ਸਿੰਘ ਭੁੱਲਰ ਕੋਲ ਰਹਿੰਦੇ ਵਿਭਾਗਾਂ ਦੀ ਨਵੀਂ ਵੰਡ ਕਰ ਦਿੱਤੀ ਗਈ ਹੈ। ਹੁਣ ਇਹ ਦੋਵੇਂ ਵਿਭਾਗ ਦੋ ਵੱਖ-ਵੱਖ ਮੰਤਰੀਆਂ ਨੂੰ ਸੌਂਪੇ ਗਏ ਹਨ। ਵਿੱਤ ਮੰਤਰੀ ਹਰਪਾਲ ਚੀਮਾ ਨੂੰ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਡਾ. ਰਵਜੋਤ ਨੂੰ ਜੇਲ੍ਹ ਵਿਭਾਗ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਐਨਆਰਆਈ ਵਿਭਾਗ ਦੀ ਜ਼ਿੰਮੇਵਾਰੀ ਸੀ। ਇਸ ਵੇਲੇ ਕੈਬਿਨੇਟ ਵਿੱਚ ਕੁੱਲ 15 ਮੰਤਰੀ ਰਹਿ ਗਏ ਹਨ।
ਹੁਣ ਤੱਕ 9 ਵਾਰ ਹੋਇਆ ਫੇਰਬਦਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ 2022 ਨੂੰ ਬਣੀ ਸੀ। ਇਸ ਤੋਂ ਬਾਅਦ ਮੰਤਰੀ ਮੰਡਲ ਵਿੱਚ ਕੁੱਲ 9 ਵਾਰ ਫੇਰਬਦਲ ਹੋ ਚੁੱਕਾ ਹੈ। 21 ਮਾਰਚ 2022 ਨੂੰ ਪਹਿਲੀ ਕੈਬਿਨੇਟ ਬਣਾਈ ਗਈ ਸੀ, ਜਿਸ ਵਿੱਚ 10 ਮੰਤਰੀ ਸ਼ਾਮਲ ਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਿਭਾਗ ਆਪਣੇ ਕੋਲ ਰੱਖੇ ਸਨ। ਇਸ ਤੋਂ ਬਾਅਦ 4 ਜੁਲਾਈ 2022 ਨੂੰ ਪਹਿਲਾ ਵੱਡਾ ਵਿਸਥਾਰ ਕੀਤਾ ਗਿਆ।
5 ਨਵੇਂ ਮੰਤਰੀ ਸ਼ਾਮਲ, ਕਈ ਵਿਭਾਗ ਬਦਲੇ
7 ਜਨਵਰੀ 2023 ਨੂੰ ਫੌਜਾ ਸਿੰਘ ਸਰਾਰੀ ਨੇ ਅਸਤੀਫਾ ਦਿੱਤਾ ਅਤੇ ਡਾ. ਬਲਬੀਰ ਸਿੰਘ ਨੂੰ ਮੰਤਰੀ ਬਣਾਇਆ ਗਿਆ। 31 ਮਈ 2023 ਨੂੰ ਇੰਦਰਬੀਰ ਸਿੰਘ ਨਿੱਜਰ ਨੂੰ ਕੈਬਿਨੇਟ ਤੋਂ ਹਟਾਇਆ ਗਿਆ ਅਤੇ ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਸ਼ਾਮਲ ਕੀਤਾ ਗਿਆ। 16 ਮਾਰਚ 2023 ਨੂੰ 5 ਮੰਤਰੀਆਂ ਦੇ ਵਿਭਾਗਾਂ ਵਿੱਚ ਬਦਲਾਅ ਕੀਤਾ ਗਿਆ, ਜਿਸ ਦੌਰਾਨ ਅਮਨ ਅਰੋੜਾ ਤੋਂ ਹਾਉਸਿੰਗ ਵਿਭਾਗ ਲਿਆ ਗਿਆ। 23 ਸਤੰਬਰ 2024 ਨੂੰ ਵੱਡਾ ਫੇਰਬਦਲ ਕੀਤਾ ਗਿਆ।
ਇਸ ਦੌਰਾਨ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਨੂੰ ਕੈਬਿਨੇਟ ਤੋਂ ਹਟਾਇਆ ਗਿਆ ਅਤੇ 5 ਨਵੇਂ ਚਿਹਰੇ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚ ਬਰਿੰਦਰ ਕੁਮਾਰ ਗੋਯਲ, ਹਰਦੀਪ ਸਿੰਘ ਮੁੰਡੀਆਂ, ਰਵਜੋਤ ਸਿੰਘ, ਤਰੁਣਪ੍ਰੀਤ ਸਿੰਘ ਸੋਂਧ ਅਤੇ ਮੋਹਿੰਦਰ ਭਗਤ ਸ਼ਾਮਲ ਹਨ। ਇਸ ਦੇ ਨਾਲ ਹੀ ਵਿਭਾਗਾਂ ਦੀ ਨਵੀਂ ਵੰਡ ਕੀਤੀ ਗਈ।
3 ਜੁਲਾਈ 2025 ਨੂੰ ਸੱਤਵਾਂ ਫੇਰਬਦਲ ਕੀਤਾ ਗਿਆ, ਜਿਸ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੂੰ ਹਟਾ ਕੇ ਲੁਧਿਆਣਾ ਤੋਂ ਜਿੱਤ ਕੇ ਆਏ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਗਿਆ। ਉਨ੍ਹਾਂ ਨੂੰ ਉਦਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲੇ ਸੌਂਪੇ ਗਏ। 18 ਅਗਸਤ 2025 ਨੂੰ ਛੋਟਾ ਬਦਲਾਅ ਕਰਦੇ ਹੋਏ ਪਾਵਰ ਵਿਭਾਗ ਹਰਭਜਨ ਸਿੰਘ ਤੋਂ ਲੈ ਕੇ ਸੰਜੀਵ ਅਰੋੜਾ ਨੂੰ ਦਿੱਤਾ ਗਿਆ।
AAP ਨੂੰ ਮਿਲਿਆ ਸੀ ਭਾਰੀ ਬਹੁਮਤ
2022 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕੀਤਾ ਸੀ। ਬਹੁਮਤ ਦਾ ਅੰਕੜਾ 59 ਸੀਟਾਂ ਦਾ ਹੈ। ਕਾਂਗਰਸ ਨੂੰ 18 ਸੀਟਾਂ, ਸ਼ਿਰੋਮਣੀ ਅਕਾਲੀ ਦਲ ਨੂੰ 3, ਭਾਜਪਾ ਨੂੰ 2, ਬਸਪਾ ਨੂੰ 1 ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਸੀ।