CISF for Security of Bhakra Dam: ਦੱਸ ਦਈਏ ਕਿ ਭਾਖੜਾ ਡੈਮ ਪ੍ਰੋਜੈਕਟ ਦੇ ਵੱਖ-ਵੱਖ ਪੁਆਇੰਟਾਂ ਦੀ ਸੁਰੱਖਿਆ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਤਾਇਨਾਤ ਹੈ।
Central forces at Bhakra Dam: ਭਾਖੜਾ ਡੈਮ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਸੀਆਈਐਸਐਫ (CISF) ਦੀ ਤਾਇਨਾਤੀ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਸਦਾ ਸਿੱਧਾ ਵਿਰੋਧ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਜੋ ਕੰਮ ਮੁਫ਼ਤ ਵਿੱਚ ਕਰ ਰਹੀ ਹੈ, ਉਸ ਲਈ ਸਾਨੂੰ ਪੈਸੇ ਕਿਉਂ ਦੇਣੇ ਚਾਹੀਦੇ ਹਨ। ਇਸਦੀ ਕੀ ਲੋੜ ਹੈ?
ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਹਰਿਆਣਾ ਨੂੰ ਆਪਣੇ ਹਿੱਸੇ ਦਾ ਪਾਣੀ ਛੱਡ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਰ ਪੰਜਾਬ ‘ਤੇ ਹਮਲਾ ਕੀਤਾ। ਹੁਕਮ ਜਾਰੀ ਕੀਤੇ ਗਏ ਹਨ ਕਿ 296 ਸੀਆਈਐਸਐਫ ਜਵਾਨ ਤਾਇਨਾਤ ਕੀਤੇ ਜਾਣਗੇ। ਹਰੇਕ ਕਰਮਚਾਰੀ ‘ਤੇ ਪ੍ਰਤੀ ਸਾਲ 2.90 ਲੱਖ ਰੁਪਏ ਖਰਚ ਹੋਣਗੇ। ਇਸ ਅਨੁਸਾਰ, ਬੀਬੀਐਮਬੀ ਜਾਂ ਪੰਜਾਬ ਕੇਂਦਰ ਨੂੰ 8.58 ਕਰੋੜ ਰੁਪਏ ਦੇਵੇਗਾ।
ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸੀਐਮ ਮਾਨ ਨੇ ਪ੍ਰੈਸ ਕਾਨਫ਼ਰੰਸ ਕੀਤੀ, ਜਿਸ ‘ਚ ਉਨ੍ਹਾਂ ਕਿਹਾ “ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 8 ਕਰੋੜ 58 ਲੱਖ ਰੁਪਏ ਦਾ ਵਾਧੂ ਖ਼ਰਚਾ ਪੰਜਾਬ ਦੇ ਸਿਰ ਕਿਉਂ ਪਾਇਆ ਜਾ ਰਿਹਾ ਹੈ? ਕੀ ਕੇਂਦਰ ਸਰਕਾਰ ਦਾ ਇਰਾਦਾ ਕੇਂਦਰੀ ਬਲਾਂ ਰਾਹੀਂ ਪੰਜਾਬ ਦਾ ਪਾਣੀ ਚੋਰੀ ਕਰਨ ਦਾ ਹੈ? ਅਸੀਂ 24 ਮਈ ਨੂੰ ਹੋਣ ਜਾ ਰਹੀ ਨੀਤੀ ਆਯੋਗ ਦੀ ਮੀਟਿੰਗ ‘ਚ ਵੀ ਇਸ ਬਾਰੇ ਗੱਲ ਕਰਾਂਗੇ।”
ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਦਬਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਹਾਲ ਹੀ ਵਿੱਚ, ਕ੍ਰੈਡਿਟ ਸੀਮਾ ਘਟਾ ਦਿੱਤੀ ਗਈ ਤੇ ਆਰਡੀਐਫ ਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਜਦੋਂ ਪਠਾਨਕੋਟ ਅੱਤਵਾਦੀ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਸਾਢੇ ਸੱਤ ਕਰੋੜ ਦਾ ਬਿੱਲ ਭੇਜਿਆ ਗਿਆ ਸੀ।
ਉਸ ਸਮੇਂ ਕਿਹਾ ਗਿਆ ਸੀ ਕਿ ਇਹ ਰਕਮ ਤੁਹਾਡੀ ਸੁਰੱਖਿਆ ਲਈ ਭੇਜੀ ਗਈ ਹੈ। ਮੈਂ ਉਸ ਸਮੇਂ ਰੱਖਿਆ ਮੰਤਰੀ ਨੂੰ ਮਿਲਿਆ ਸੀ ਅਤੇ ਸਪੱਸ਼ਟ ਕੀਤਾ ਸੀ ਕਿ ਇਹ ਹਮਲਾ ਸਿਰਫ਼ ਪੰਜਾਬ ‘ਤੇ ਨਹੀਂ ਸਗੋਂ ਪੂਰੇ ਦੇਸ਼ ‘ਤੇ ਹੈ।
ਦੱਸ ਦਈਏ ਕਿ ਭਾਖੜਾ ਡੈਮ ਪ੍ਰੋਜੈਕਟ ਦੇ ਵੱਖ-ਵੱਖ ਪੁਆਇੰਟਾਂ ਦੀ ਸੁਰੱਖਿਆ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਤਾਇਨਾਤ ਹੈ। ਪੂਰੇ ਪ੍ਰੋਜੈਕਟ ਦੀ ਸੁਰੱਖਿਆ ਲਈ 288 ਅਸਾਮੀਆਂ ਮਨਜ਼ੂਰ ਹਨ, ਪਰ 347 ਅਸਾਮੀਆਂ ਤਾਇਨਾਤ ਹਨ। ਨੰਗਲ ਡੈਮ ਦੇ ਛੇ ਪੁਆਇੰਟਾਂ ‘ਤੇ 146 ਪੰਜਾਬ ਪੁਲਿਸ ਕਰਮਚਾਰੀ ਤਾਇਨਾਤ ਹਨ। ਇਸੇ ਤਰ੍ਹਾਂ, ਹਿਮਾਚਲ ਪ੍ਰਦੇਸ਼ ਦੇ 201 ਕਰਮਚਾਰੀ ਤਾਇਨਾਤ ਹਨ। ਸੁੰਦਰ ਨਗਰ ਅਤੇ ਪੋਂਗ ਡੈਮ ਦੀ ਸੁਰੱਖਿਆ ਪਹਿਲਾਂ ਹੀ ਸੀਆਈਐਸਐਫ ਨੂੰ ਸੌਂਪੀ ਗਈ ਹੈ।