CM Bhagwant Mann on Farmers Protest: ਸਾਂਝਾ ਕਿਸਾਨ ਮੋਰਚਾ (SKM) ਸ਼ੰਭੂ-ਖਨੌਰੀ ਸਰਹੱਦੀ ਅੰਦੋਲਨ ‘ਚ ਸ਼ਾਮਲ ਹੋਵੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਅਜੇ ਹੋਣਾ ਬਾਕੀ ਹੈ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਐਸਕੇਐਮ ਦੀ ਮੀਟਿੰਗ ਹੋ ਗਈ ਹੈ। ਦੂਜੇ ਪਾਸੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੂੰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਬਿੱਲੀ ਕਬੂਤਰ ਦੀਆਂ ਅੱਖਾਂ ਬੰਦ ਕਰਨ ਲਈ ਨਹੀਂ ਭੱਜਦੀ। ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕੀਤਾ ਹੈ। ਜਿਸ ‘ਚ ਉਨ੍ਹਾਂ ਲਿਖਿਆ-
“ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜ਼ਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ-ਬਾਤ ਦਾ ਰਾਹ ਖੋਲਣਾ ਚਾਹੀਦਾ ਹੈ…ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ..ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ?? ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ 200 ਕਿੱਲੋਮੀਟਰ ਤੇ ਬੈਠੇ ਅੰਨਦਾਤਿਆਂ ਨਾਲ ਨਹੀੰ ਗੱਲ ਕਰ ਸਕਦੇ ? ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ..”
ਇਸ ਦੇ ਨਾਲ ਹੀ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਨੇ ਮੀਟਿੰਗ ਕਰਵਾਉਣੀ ਹੈ, ਉਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਹੈ।
ਪੰਜਾਬ ਬੰਦ ਦਾ ਸੱਦਾ
ਐਸਕੇਐਮ ਦੇ ਗੈਰ ਸਿਆਸੀ ਆਗੂ ਸਰਵਣ ਸਿੰਘ ਪੰਧੇਰ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਸਬੰਧੀ 26 ਦਸੰਬਰ ਨੂੰ ਖਨੌਰੀ ਵਿਖੇ ਸਮੂਹ ਟਰੇਡ ਯੂਨੀਅਨਾਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਟੈਕਸੀ ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਮੁਕਮਲ ਬੰਦ ਰਹੇਗਾ।
ਡੱਲੇਵਾਲ ਦੀ ਹਾਲਤ ਨਾਜ਼ੁਕ
ਦੂਜੇ ਪਾਸੇ ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ 29ਵਾਂ ਦਿਨ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਜ ਮੰਗਲਵਾਰ ਸ਼ਾਮ 4:30 ਵਜੇ ਉਨ੍ਹਾਂ ਦੇ ਮਰਨ ਵਰਤ ਦੇ ਸਮਰਥਨ ਵਿੱਚ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ। ਮਰਨ ਵਰਤ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ।