Punjab Doctors Demand: ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਆਪਣੀਆਂ ਪ੍ਰਮੁੱਖ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਹੜਤਾਲ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ।
Punjab Doctors’ Salary Hike: ਪੰਜਾਬ ਸਰਕਾਰ ਨੇ ਸੂਬੇ ਦੇ ਡਾਕਟਰਾਂ ਦੀ ਤਨਖਾਹ ਵਾਧੇ ਦੀ ਮੰਗ ਪੂਰੀ ਕਰ ਦਿੱਤੀ ਹੈ। ਡਾਕਟਰਾਂ ਦੀ ਤਨਖਾਹ ਤਿੰਨ ਪੜਾਵਾਂ ‘ਚ ਵਧੇਗੀ। ਨਿਯੁਕਤੀ ਦੇ ਸਮੇਂ ਤਨਖਾਹ 56,100 ਰੁਪਏ ਹੋਵੇਗੀ ਤੇ 15 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਤਨਖਾਹ 1.22 ਲੱਖ ਰੁਪਏ ਹੋ ਜਾਵੇਗੀ। ਵਿੱਤ ਵਿਭਾਗ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਵਿਭਾਗ ਨੇ ਡਾਕਟਰਾਂ ਦੀ 24 ਘੰਟੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨਾਲ ਖਰੜਾ ਵੀ ਸਾਂਝਾ ਕੀਤਾ ਹੈ, ਜਿਸ ਤਹਿਤ ਹਸਪਤਾਲਾਂ ਵਿਚ ਖਾਸ ਤੌਰ ‘ਤੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਲਈ ਗਾਰਡ ਤਾਇਨਾਤ ਕੀਤੇ ਜਾਣੇ ਹਨ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਆਪਣੀਆਂ ਪ੍ਰਮੁੱਖ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਹੜਤਾਲ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ।
ਤਨਖਾਹ ਵਾਧੇ ਦੇ ਹੁਕਮ 1 ਜਨਵਰੀ, 2025 ਤੋਂ ਲਾਗੂ ਹੋਣਗੇ ਤੇ 17 ਜੁਲਾਈ, 2020 ਤੋਂ ਪਹਿਲਾਂ ਭਰਤੀ ਕੀਤੇ ਗਏ ਡਾਕਟਰਾਂ ‘ਤੇ ਲਾਗੂ ਹੋਣਗੇ, ਜੋ ਪੰਜਾਬ ਸਿਵਲ ਸਰਵਿਸਿਜ਼ ਰਿਵਾਈਜ਼ਡ ਪੇਅ ਰੂਲਜ਼ 2021 ਦੇ ਤਹਿਤ ਤਨਖਾਹ ਲੈ ਰਹੇ ਹਨ। ਸਰਕਾਰ ਨੇ ਸਬੰਧਤ ਵਿਭਾਗ ਨੂੰ ਤੁਰੰਤ ਸੇਵਾ ਨਿਯਮਾਂ ਵਿੱਚ ਸੋਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵਿੱਤ ਵਿਭਾਗ ਨੇ ਡਾਕਟਰਾਂ ਲਈ ਸੋਧੀ ਹੋਈ ਐਸ਼ੋਰਡ ਕਰੀਅਰ ਪ੍ਰੋਗਰੇਸ਼ਨ ਸਕੀਮ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ, ਜਿਸ ਅਨੁਸਾਰ ਨਿਯੁਕਤੀ ਸਮੇਂ ਡਾਕਟਰਾਂ ਦੀ ਤਨਖਾਹ 56,100 ਰੁਪਏ ਹੋਵੇਗੀ। ਪੰਜ ਸਾਲ ਪੂਰੇ ਹੋਣ ਤੋਂ ਬਾਅਦ ਪਹਿਲੇ ਪੜਾਅ ‘ਚ ਉਨ੍ਹਾਂ ਦੀ ਤਨਖਾਹ ਵਧ ਕੇ 67,400 ਰੁਪਏ ਹੋ ਜਾਵੇਗੀ।
ਇਸੇ ਤਰ੍ਹਾਂ 10 ਸਾਲਾਂ ਬਾਅਦ ਤਨਖ਼ਾਹ ਵਧ ਕੇ 83,600 ਰੁਪਏ ਹੋ ਜਾਵੇਗੀ ਅਤੇ 15 ਸਾਲਾਂ ਬਾਅਦ ਤਨਖ਼ਾਹ ਵਧ ਕੇ 1,22,800 ਰੁਪਏ ਹੋ ਜਾਵੇਗੀ। ਪਹਿਲਾਂ ਇਹ ਵਾਧਾ 4, 9 ਅਤੇ 14 ਸਾਲਾਂ ਬਾਅਦ ਦਿੱਤਾ ਜਾਂਦਾ ਸੀ, ਪਰ ਕੋਵਿਡ ਦੇ ਸਮੇਂ ਦੌਰਾਨ ਇਹ ਤਨਖਾਹ ਵਾਧਾ ਵਾਪਸ ਲੈ ਲਿਆ ਗਿਆ ਸੀ। ਹੁਣ ਇਸ ਨੂੰ ਕੁਝ ਬਦਲਾਅ ਕਰਨ ਤੋਂ ਬਾਅਦ ਹੀ ਲਾਗੂ ਕੀਤਾ ਗਿਆ ਹੈ।
ਸੁਰੱਖਿਆ ਲਈ 1406 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
ਐਸੋਸੀਏਸ਼ਨ ਦੇ ਪ੍ਰਧਾਨ ਅਖਿਲ ਸਰੀਨ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਪੂਰੀ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੀ ਹੜਤਾਲ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸੇ ਤਰ੍ਹਾਂ ਵਿਭਾਗ ਵੱਲੋਂ 304 ਨਵੇਂ ਡਾਕਟਰ ਵੀ ਨਿਯੁਕਤ ਕੀਤੇ ਜਾ ਰਹੇ ਹਨ, ਜਿਸ ਦਾ ਉਹ ਸਵਾਗਤ ਕਰਦੇ ਹਨ। ਇਸੇ ਤਰ੍ਹਾਂ ਸੂਬੇ ਦੇ 23 ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ 1520 ਸੁਰੱਖਿਆ ਕਰਮੀਆਂ ਦੀ ਲੋੜ ਹੈ, ਪਰ ਇਸ ਵੇਲੇ ਸਿਰਫ਼ 114 ਹੀ ਤਾਇਨਾਤ ਹਨ। ਇਸ ਲਈ ਹੁਣ 1406 ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।