ਪੰਜਾਬ ਸਕੂਲ ਦੇ ਸਿੱਖਿਆ ਮਿਆਰ ਨੂੰ ਬਿਹਤਰ ਬਣਾਉਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਕਈ ਉਪਰਾਲੇ ਕੀਤੇ ਜਾ ਹਨ। ਜਿਸ ਮੁਤਾਬਿਕ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਚੱਲ ਰਹੀਆਂ ਪ੍ਰੀਖਿਆਵਾਂ ਵਿੱਚ ਨਕਲ ਮਾਰਨ ਵਾਲੇ ਵਿਦਿਆਰਥੀ ਅਤੇ ਨਕਲ ਮਰਵਾਉਣ ਵਾਲੇ ਅਧਿਆਪਕਾਂ ਤੇ ਸਖ਼ਤੀ ਕੀਤੀ ਹੋਈ ਹੈ।
Action of Punjab Education Department: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਯਾਨੀ (20 ਮਾਰਚ ) ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਸੁਪਰਡੈਂਟ ਅਤੇ ਇੰਸਪੈਕਟਰ ਵਜੋਂ ਨਿਯੁਕਤ ਦੋ ਅਧਿਆਪਕਾਂ ਨੂੰ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਕਲ ਕਰਾਉਣ ਦੇ ਦੋਸ਼ ਹੇਠ ਸਸਪੈਂਡ ਕਰ ਦਿੱਤਾ ਹੈ। ਇਹ ਸਖ਼ਤ ਕਾਰਵਾਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਕੀਤੀ ਗਈ ਹੈ।
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਲਾਇੰਗ ਸਕੁਐਡ ਟੀਮਾਂ ਨੇ ਗੁਰਦਾਸਪੁਰ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਪ੍ਰੀਖਿਆ ਪ੍ਰੋਟੋਕੋਲ ਦੀਆਂ ਗੰਭੀਰ ਉਲੰਘਣਾਵਾਂ ਪਾਈਆਂ ਹਨ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਈ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਨੇ ਪਾਇਆ ਕਿ ਨਿਗਰਾਨ ਅਫ਼ਸਰ ਕਿਰਨਦੀਪ ਕੌਰ, ਜੋ ਕਿ ਹਿੰਦੀ ਮਿਸਟ੍ਰੈਸ ਹੈ, ਵਿਦਿਆਰਥੀਆਂ ਦੀ ਮਦਦ ਲਈ ਆਪਣੇ ਮੋਬਾਈਲ ਫ਼ੋਨ ‘ਤੇ ਵਟਸਐਪ ਰਾਹੀਂ ਸਵਾਲਾਂ ਦੇ ਜਵਾਬ ਮੰਗਵਾ ਰਹੀ ਸੀ। ਪ੍ਰੀਖਿਆ ਪ੍ਰਣਾਲੀ ਦੀ ਇਹ ਸਪੱਸ਼ਟ ਉਲੰਘਣਾ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਸ਼ਵਨੀ ਕੁਮਾਰ, ਲੈਕਚਰਾਰ ਦੀ ਲਾਪਰਵਾਹੀ ਕਾਰਨ ਹੋਈ ਹੈ, ਜਿਸ ਨੇ ਬਿਨਾਂ ਕਿਸੇ ਚਿਤਾਵਨੀ ਦੇ ਪ੍ਰੀਖਿਆ ਹਾਲ ਵਿੱਚ ਮੋਬਾਈਲ ਫ਼ੋਨ ਲਿਆਉਣ ਦੀ ਇਜਾਜ਼ਤ ਦਿੱਤੀ ਸੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਜਿਹੀ ਕਿਸੇ ਵੀ ਉਲੰਘਣਾ ਅਤੇ ਬੇਈਮਾਨੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੀ ਮੁਅੱਤਲੀ ਦੇ ਸਮੇਂ ਦੌਰਾਨ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਦਾਸਪੁਰ ਨੂੰ ਰਿਪੋਰਟ ਕਰਨਗੇ, ਜਿੱਥੇ ਇਹ ਦੋਵੇਂ ਮੁਅੱਤਲ ਅਧਿਆਪਕਾਂ ਦਾ ਮੁੱਖ ਦਫ਼ਤਰ ਬਣਾਇਆ ਗਿਆ ਹੈ। ਸਕੂਲ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਾਧੂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਅਤੇ ਫਲਾਇੰਗ ਸਕੁਐਡ ਦੀ ਗਿਣਤੀ ਵਿੱਚ ਵਾਧਾ ਕਰਕੇ ਨਿਗਰਾਨੀ ਨੂੰ ਹੋਰ ਤੇਜ਼ ਕਰਨ ਤਾਂ ਜੋ ਅਜਿਹੀਆਂ ਕੁਰੀਤੀਆਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਅਤੇ ਪ੍ਰੀਖਿਆਵਾਂ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰਵਾਈਆਂ ਜਾ ਸਕਣ।