Gurudwara Sri Anandpur Sahib: ਰਾਜਪਾਲ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।
Governor Gulab Chand Kataria paying obeisance at Takht Sri Keshgarh Sahib: ਪੰਜਾਬ ‘ਚ ‘ਧਰਮ ਬਚਾਓ ਯਾਤਰਾ’ ‘ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੀ ਸ਼ੁਰੂਆਤ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਤੋਂ ਹੋਈ। ਇਸ ਦੌਰਾਨ ਮੌਜੂਦ ਰਹੇ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਗੁਰੂ ਸਾਹਿਬ ਦੀ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਗਈ ਅਦੁਤੀ ਸ਼ਹਾਦਤ ਨੂੰ ਨਮਨ ਕੀਤਾ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਕੋਈ ਹੋਰ ਮਿਸਾਲ ਨਹੀਂ ਮਿਲਦੀ ਜਿੱਥੇ ਕਿਸੇ ਹੋਰ ਧਰਮ ਦੀ ਰਾਖੀ ਲਈ ਕਿਸੇ ਮਹਾਂਪੁਰਸ਼ ਨੇ ਕੁਰਬਾਨੀ ਦਿੱਤੀ ਹੋਵੇ। ਇਸ ਦੇ ਨਾਲ ਹੀ ਰਾਜਪਾਲ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਪੰਜਾਬ ‘ਚ ਹੋ ਰਹੇ ਧਰਮ ਪਰਿਵਰਤਨ ‘ਤੇ ਜਤਾਈ ਗਹਿਰੀ ਚਿੰਤਾ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਅੰਦਰ ਹੋ ਰਹੇ ਧਰਮ ਪਰਿਵਰਤਨ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਇਸ ਮੁਕੱਦਸ ਧਰਤੀ ‘ਤੇ ਕੁਝ ਲੋਕ ਛੋਟੇ ਲਾਲਚਾਂ ਕਰਕੇ ਧਰਮ ਪਰਿਵਰਤਨ ਕਰ ਰਹੇ ਹਨ ਜੋ ਕਿ ਮੰਦਭਾਗਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕੇ ਦੁਨੀਆਂ ‘ਚ ਧਾਰਮਿਕ ਅਸਹਿਣਸ਼ੀਲਤਾ ਵੱਧ ਰਹੀ ਹੈ ਜੋ ਕੇ ਨਿੰਦਨਯੋਗ ਹੈ।
ਪੰਜਾਬ ਅੰਦਰ ਵਧ ਰਹੇ ਗੈਂਗਸਟਰਵਾਦ ‘ਤੇ ਵੀ ਬੋਲੇ ਪੰਜਾਬ ਰਾਜਪਾਲ
ਪੰਜਾਬ ਅੰਦਰ ਵੱਧ ਰਹੇ ਗੈਂਗਸਟਰਵਾਦ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਰਾਜਪਾਲ ਨੇ ਕਿਹਾ ਕਿ ਇਸ ਮੁੱਦੇ ‘ਤੇ ਪੰਜਾਬ ਦੇ ਹਰ ਨਾਗਰਿਕ ਨੂੰ ਚਿੰਤਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਸਾਂਝੇ ਯਤਨਾਂ ਨਾਲ ਹੋ ਸਕਦਾ ਹੈ।
ਦੱਸ ਦਈਏ ਕਿ 11 ਜੁਲਾਈ 1675 ਨੂੰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹਾਦਤ ਦੇਣ ਲਈ ਰਵਾਨਾ ਹੋਏ ਸੀ। ਇਸੇ ਇਤਿਹਾਸਿਕ ਦਿਹਾੜੇ ਨੂੰ ਯਾਦ ਕਰਦਿਆਂ ਅੱਜ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ ਵਾਲੇ, ਬਾਬਾ ਬਲਵੀਰ ਸਿੰਘ, ਭਾਈ ਮਨਜੀਤ ਸਿੰਘ ਸ੍ਰੀ ਗੰਗਾ ਨਰਸਰੀ ਜ਼ੀਰਕਪੁਰ ਵਾਲਿਆਂ ਵੱਲੋ ਸਾਂਝੇ ਤੌਰ ‘ਤੇ ‘ਧਰਮ ਬਚਾਓ ਯਾਤਰਾ’ ਦਾ ਆਯੋਜਨ ਕੀਤਾ ਗਿਆ। ਇਹ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਗੁਰੂ ਕਾ ਤਾਲ ਆਗਰਾ ਵਿਖੇ ਪੁੱਜੇਗੀ ਤੇ ਉਪਰੰਤ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਪੁੱਜ ਕੇ 14 ਜੁਲਾਈ ਨੂੰ ਸਮਾਪਤ ਹੋਵੇਗੀ।