3rd National Mining Ministers Conference: ਪੰਜਾਬ ਦੇ ਮਾਈਨਿੰਗ ਮੰਤਰੀ ਨੇ ਮਾਈਨਿੰਗ ਸਾਈਟਾਂ ਲਈ ਵਾਤਾਵਰਣ ਪ੍ਰਵਾਨਗੀਆਂ ਵਿੱਚ ਦੇਰੀ ਦਾ ਮੁੱਦਾ ਵੀ ਉਠਾਇਆ।
Punjab Mines and Geology Barinder Goyal: ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਕੋਨਾਰਕ, ਓਡੀਸ਼ਾ ਵਿਖੇ ਆਯੋਜਿਤ ਤੀਜੀ ਰਾਸ਼ਟਰੀ ਮਾਈਨਿੰਗ ਮੰਤਰੀਆਂ ਦੀ ਕਾਨਫਰੰਸ ਵਿੱਚ ਭਾਗ ਲਿਆ। ਇਸ ਕਾਨਫਰੰਸ ‘ਚ ਕੇਂਦਰੀ ਮਾਈਨਿੰਗ ਮੰਤਰੀ, 11 ਸੂਬਿਆਂ ਦੇ ਨੁਮਾਇੰਦਿਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਪੰਜਾਬ ਦੀ ਵਿਲੱਖਣ ਮਾਈਨਿੰਗ ਪਹੁੰਚ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਉਲਟ ਜਿੱਥੇ ਜ਼ਮੀਨਦੋਜ਼ ਮਾਈਨਿੰਗ ਹੁੰਦੀ ਹੈ, ਪੰਜਾਬ ਵਿੱਚ ਮਾਈਨਿੰਗ ਗਤੀਵਿਧੀਆਂ ਸਤ੍ਹਾ ‘ਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਕੁਦਰਤੀ ਸਰੋਤਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰ ਰਿਹਾ ਹੈ ਤੇ ਜਿਸ ਤਰ੍ਹਾਂ ਸੂਬੇ ਨੇ ਖੇਤੀ ਰਾਹੀਂ ਦੇਸ਼ ਦਾ ਢਿੱਡ ਭਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਖਣਨ ਗਤੀਵਿਧੀਆਂ ਰਾਹੀਂ ਆਰਥਿਕਤਾ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।
ਖਣਨ ਵਿੱਚ ਪਾਰਦਰਸ਼ਤਾ ਅਤੇ ਰੁਜ਼ਗਾਰ ਪੈਦਾ ਕਰਨਾ
ਗੋਇਲ ਨੇ ਖਣਨ ਵਿੱਚ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਨਤਕ ਮਾਈਨਿੰਗ ਸਾਈਟਾਂ ਦੀ ਸਥਾਪਨਾ ਨਾਲ ਆਮ ਨਾਗਰਿਕਾਂ ਨੂੰ ਸਸਤੀ ਰੇਤ ਉਪਲਬਧ ਹੋ ਰਹੀ ਹੈ ਅਤੇ ਸਥਾਨਕ ਮਜ਼ਦੂਰਾਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।
ਰੱਖਿਆ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਇਤਰਾਜ਼
ਇਸ ਕਾਨਫਰੰਸ ਦੌਰਾਨ, ਬਰਿੰਦਰ ਗੋਇਲ ਨੇ ਸਰਹੱਦ ਦੇ 20 ਕਿਲੋਮੀਟਰ ਦੇ ਅੰਦਰ ਮਾਈਨਿੰਗ ਗਤੀਵਿਧੀਆਂ ਲਈ ਰੱਖਿਆ ਮੰਤਰਾਲੇ ਦੁਆਰਾ ਪੂਰਵ ਪ੍ਰਵਾਨਗੀ ਦੀ ਲੋੜ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਇਸ ਫੈਸਲੇ ਨੂੰ ਪੱਖਪਾਤੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਵੱਡੇ ਦਰਿਆ ਰਾਵੀ, ਬਿਆਸ ਅਤੇ ਸਤਲੁਜ ਹਨ ਜਿਨ੍ਹਾਂ ਵਿੱਚੋਂ ਦੋ ਇਸ ਫੈਸਲੇ ਨਾਲ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।
ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਸੁਣੋ ਰੇਤਾ ਬਜਰੀ ਸਸਤੀ ਕਰਨ ਦਾ ਸਰਕਾਰ ਦਾ ਕੀ Plan ?
ਵਾਤਾਵਰਨ ਕਲੀਅਰੈਂਸ ‘ਚ ਦੇਰੀ ‘ਤੇ ਚਿੰਤਾ
ਨਾਲ ਹੀ ਪੰਜਾਬ ਦੇ ਮਾਈਨਿੰਗ ਮੰਤਰੀ ਨੇ ਮਾਈਨਿੰਗ ਸਾਈਟਾਂ ਲਈ ਵਾਤਾਵਰਣ ਪ੍ਰਵਾਨਗੀਆਂ ਵਿੱਚ ਦੇਰੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਠੇਕੇਦਾਰ ਕੰਮ ਛੱਡ ਦਿੰਦੇ ਹਨ ਜਾਂ ਡਿਫਾਲਟਰ ਕਰਦੇ ਹਨ ਤਾਂ ਸਰਕਾਰ ਕੋਲ ਵਾਤਾਵਰਣ ਸਬੰਧੀ ਮਨਜ਼ੂਰੀਆਂ ਨੂੰ ਸੰਭਾਲਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਹ ਨਵੀਆਂ ਪ੍ਰਵਾਨਗੀਆਂ ਵਿੱਚ ਬੇਲੋੜੀ ਦੇਰੀ ਨੂੰ ਰੋਕੇਗਾ।
ਪੋਟਾਸ਼ ਮਾਈਨਿੰਗ ਦੇ ਵਿਸਥਾਰ ਦੀ ਮੰਗ
ਪੰਜਾਬ ਦੇ ਰਾਜਸਥਾਨ ਸਰਹੱਦੀ ਖੇਤਰ ਵਿੱਚ ਪੋਟਾਸ਼ ਦੇ ਵੱਡੇ ਭੰਡਾਰਾਂ ਦਾ ਜ਼ਿਕਰ ਕਰਦਿਆਂ ਗੋਇਲ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਖਣਨ ਗਤੀਵਿਧੀਆਂ ਨੂੰ ਵਧਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਪੋਟਾਸ਼ ਦੀ ਦਰਾਮਦ ‘ਤੇ ਖਰਚ ਹੋਣ ਵਾਲੀ ਵੱਡੀ ਮਾਤਰਾ ‘ਚ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ।
ਜ਼ਿੰਮੇਵਾਰ ਮਾਈਨਿੰਗ ‘ਤੇ ਜ਼ੋਰ
ਗੋਇਲ ਨੇ ਟਿਕਾਊ ਅਤੇ ਜ਼ਿੰਮੇਵਾਰ ਮਾਈਨਿੰਗ ਅਭਿਆਸਾਂ ਪ੍ਰਤੀ ਪੰਜਾਬ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸੂਬੇ ਦੇ ਮਾਈਨਿੰਗ ਸੈਕਟਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨਾਲ ਬਿਹਤਰ ਸਹਿਯੋਗ ਦੀ ਮੰਗ ਕੀਤੀ।
Report By: ਅਨੁਜਾ ਸ਼ਰਮਾ ਦੀ ਰਿਪੋਰਟ