ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੇ ਪੰਜਾਬ ਵਿੱਚ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ। ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਐੱਸ.ਏ.ਐੱਸ. ਸਿਟੀ ਪੁਲੀਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗਰੋਹ ਦੇ ਮੈਂਬਰ ਮਹਿਫੂਜ਼ ਉਰਫ਼ ਵਿਸ਼ਾਲ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਪੁਲਿਸ ਦੇ ਡੀ.ਜੀ.ਪੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗੌਰਵ ਯਾਦਵ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਵਿਸ਼ਾਲ ਖਾਨ ਸਤੰਬਰ 2024 ‘ਚ ਡੇਰਾਬੱਸੀ ਦੇ ਇਕ ਆਈਲੈਟਸ ਸੈਂਟਰ ‘ਤੇ ਹੋਈ ਗੋਲੀਬਾਰੀ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟ੍ਰਾਈਸਿਟੀ ਇਲਾਕੇ ਵਿੱਚ ਇੱਕ ਹੋਰ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।
ਡੀ.ਜੀ.ਪੀ ਨੇ ਦੱਸਿਆ ਕਿ ਵਿਸ਼ਾਲ ਖਾਨ ਦਾ ਅਪਰਾਧਿਕ ਇਤਿਹਾਸ ਸੀ ਅਤੇ ਉਹ 2023 ਤੋਂ ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਉਸਨੇ ਗੈਂਗਸਟਰ ਜੋਗਿੰਦਰ ਉਰਫ ਜੋਗਾ ਤੋਂ ਹਥਿਆਰਾਂ ਦੀ ਖੇਪ ਇਕੱਠੀ ਕੀਤੀ ਸੀ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਅਪਰਾਧੀਆਂ ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਜੋਗਾ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡੀ.ਜੀ.ਪੀ ਗੌਰਵ ਯਾਦਵ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗੀ।