ਰਾਸ਼ਟਰਪਤੀ ਭਵਨ ‘ਚ ਗੂੰਜਿਆ ਪੰਜਾਬ, 3 ਮਹਾਨ ਸ਼ਖ਼ਸੀਅਤਾਂ ਨੂੰ ਮਿਲਿਆ ਪਦਮ ਸਨਮਾਨ
Padma Awards 2026; ਪਦਮ ਪੁਰਸਕਾਰ ਜੇਤੂਆਂ ਨੂੰ ਐਵਾਰਡ ਵੰਡ ਸਮਾਰੋਹ ਦਾ ਦੂਜਾ ਸੈਸ਼ਨ ਮੰਗਲਵਾਰ ਨੂੰ ਆਯੋਜਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ 2026 ਪਦਮ ਅਵਾਰਡ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੰਜਾਬ ਦੀਆਂ ਤਿੰਨ ਹਸਤੀਆਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਇਨ੍ਹਾਂ ਵਿੱਚ ਭਾਰਤੀ ਹਾਕੀ ਦੇ ਇੱਕ ਦਿੱਗਜ ਅਤੇ ਪ੍ਰਸਿੱਧ ਕੋਚ ਬਲਦੇਵ ਸਿੰਘ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਸ਼ਾਮਲ ਹਨ।
ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਸਨਮਾਨ
ਮੋਗਾ ਜ਼ਿਲ੍ਹੇ ਦੇ ਪਿੰਡ ਦੁੰਨੇਕੇ ਦੀ ਰਹਿਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ 25 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦੇਣ ਦੀ ਘੋਸ਼ਣਾ ਕੀਤੀ ਗਈ ਸੀ। ਇਹ ਸਨਮਾਨ ਉਨ੍ਹਾਂ ਦੇ ਭਾਰਤੀ ਮਹਿਲਾ ਕ੍ਰਿਕਟ ਵਿੱਚ ਇਤਿਹਾਸਕ ਯੋਗਦਾਨ ਅਤੇ ਕਪਤਾਨੀ ਹੇਠ ਟੀਮ ਨੂੰ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਜਿਤਾਉਣ ਲਈ ਦਿੱਤਾ ਗਿਆ ਹੈ। 2 ਨਵੰਬਰ 2025 ਨੂੰ ਉਨ੍ਹਾਂ ਦੀ ਕਪਤਾਨੀ ਹੇਠ ਭਾਰਤ ਨੇ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ।
ਸਧਾਰਣ ਪਰਿਵਾਰ ਨਾਲ ਸੰਬੰਧਤ ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਮੋਗਾ ਜ਼ਿਲ੍ਹਾ ਅਦਾਲਤ ਵਿੱਚ ਵਕੀਲ ਦੇ ਮੁਨਸ਼ੀ ਰਹੇ ਹਨ। ਬਚਪਨ ਤੋਂ ਹੀ ਉਨ੍ਹਾਂ ਨੇ ਕ੍ਰਿਕਟ ਵਿੱਚ ਰੁਚੀ ਦਿਖਾਈ ਅਤੇ ਪਿਤਾ ਨਾਲ ਗੁਰੂ ਨਾਨਕ ਕਾਲਜ ਦੇ ਮੈਦਾਨ ਵਿੱਚ ਲੜਕਿਆਂ ਨਾਲ ਖੇਡਣਾ ਸ਼ੁਰੂ ਕੀਤਾ। ਸਮਾਜ ਦੇ ਵਿਰੋਧ ਦੇ ਬਾਵਜੂਦ ਪਿਤਾ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਨੇ 2009 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਅਤੇ 2014 ਵਿੱਚ ਟੈਸਟ ਡੈਬਿਊ ਕੀਤਾ।
2017 ਵਿੱਚ ਉਨ੍ਹਾਂ ਨੂੰ ਅਰਜੁਨ ਐਵਾਰਡ ਮਿਲਿਆ ਸੀ। ਹੁਣ ਪਦਮ ਸ਼੍ਰੀ ਨਾਲ ਸਨਮਾਨਿਤ ਹੋ ਕੇ ਉਨ੍ਹਾਂ ਨੇ ਦੇਸ਼ ਦਾ ਮਾਨ ਵਧਾਇਆ ਹੈ। ਪਿਤਾ ਨੇ ਇਸਨੂੰ ਗਰਵ ਦਾ ਪਲ ਦੱਸਿਆ ਅਤੇ ਕਿਹਾ ਕਿ ਇਹ ਸਨਮਾਨ ਸ਼ਬਦਾਂ ਤੋਂ ਪਰੇ ਹੈ। ਇਹ ਉਪਲਬਧੀ ਦੇਸ਼ ਦੀਆਂ ਧੀਆਂ ਲਈ ਪ੍ਰੇਰਣਾ ਹੈ।
ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਸਨਮਾਨ
ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਸਨਮਾਨ ਮਿਲਣਾ ਸਿਰਫ਼ ਧਾਰਮਿਕ ਜਾਂ ਸਮਾਜਿਕ ਉਪਲਬਧੀ ਨਹੀਂ ਮੰਨੀ ਜਾ ਰਹੀ, ਬਲਕਿ ਇਸਨੂੰ ਪੰਜਾਬ ਦੀ ਰਾਜਨੀਤੀ ਅਤੇ ਸਮਾਜਿਕ ਸਮੀਕਰਨਾਂ ਵਿੱਚ ਵੱਡੇ ਬਦਲਾਅ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਨਮਾਨ ਨਾਲ ਜਿੱਥੇ ਰਵਿਦਾਸੀਆ ਸਮਾਜ ਦਾ ਮਨੋਬਲ ਵਧਿਆ ਹੈ, ਉੱਥੇ ਭਾਜਪਾ ਨੂੰ ਪੰਜਾਬ ਖਾਸ ਕਰਕੇ ਦੋਆਬਾ ਖੇਤਰ ਵਿੱਚ ਦਲਿਤ ਵਰਗ ਵਿਚ ਨਵੀਂ ਰਾਜਨੀਤਿਕ ਪਕੜ ਬਣਾਉਣ ਦਾ ਮੌਕਾ ਵੀ ਮਿਲਿਆ ਹੈ।
ਇਸੇ ਸਾਲ ਗੁਰੂ ਰਵਿਦਾਸ ਜਯੰਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਆਉਣਾ ਸਿਰਫ਼ ਧਾਰਮਿਕ ਸ਼ਰਧਾ ਤੱਕ ਸੀਮਿਤ ਨਹੀਂ ਮੰਨਿਆ ਗਿਆ। ਰਾਜਨੀਤਿਕ ਹਲਕਿਆਂ ਵਿੱਚ ਇਸਨੂੰ ਇੱਕ ਸਪਸ਼ਟ ਸੰਦੇਸ਼ ਵਜੋਂ ਦੇਖਿਆ ਗਿਆ ਕਿ ਕੇਂਦਰ ਸਰਕਾਰ ਰਵਿਦਾਸੀਆ ਸਮਾਜ ਅਤੇ ਡੇਰਾ ਬੱਲਾਂ ਦੇ ਸਮਾਜਿਕ ਯੋਗਦਾਨ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਦੇ ਰਹੀ ਹੈ।
ਬਲਦੇਵ ਸਿੰਘ – ਭਾਰਤੀ ਹਾਕੀ ਦੇ ਸਭ ਤੋਂ ਸਫਲ ਕੋਚਾਂ ਵਿੱਚੋਂ ਇੱਕ
ਲੁਧਿਆਣਾ ਦੇ ਭੈਣੀ ਸਾਹਿਬ ਨਾਲ ਸੰਬੰਧਤ ਬਲਦੇਵ ਸਿੰਘ ਭਾਰਤੀ ਹਾਕੀ ਦੇ ਦਿੱਗਜ ਅਤੇ ਸਭ ਤੋਂ ਸਫਲ ਕੋਚਾਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਭਾਰਤੀ ਮਹਿਲਾ ਹਾਕੀ ਦਾ ਮੁੱਖ ਆਰਕੀਟੈਕਟ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਨੂੰ ਇੱਕ ਛੋਟੇ ਕਸਬੇ ਤੋਂ ਬਦਲ ਕੇ ਮਹਿਲਾ ਹਾਕੀ ਦਾ ਅੰਤਰਰਾਸ਼ਟਰੀ ਪਾਵਰਹਾਊਸ ਬਣਾ ਦਿੱਤਾ।
75 ਸਾਲਾ ਬਲਦੇਵ ਸਿੰਘ 1982 ਵਿੱਚ ਹਰਿਆਣਾ ਖੇਡ ਵਿਭਾਗ ਦੇ ਕੋਚ ਵਜੋਂ ਸ਼ਾਹਬਾਦ ਮਾਰਕੰਡਾ ਪਹੁੰਚੇ ਅਤੇ ਉੱਥੇ ਚਾਰ ਸਾਲ ਸੇਵਾ ਨਿਭਾਈ। ਉਹ 1993 ਵਿੱਚ ਮੁੜ ਸ਼ਹਿਰ ਵਾਪਸ ਆਏ ਅਤੇ ਹਾਕੀ ਨਰਸਰੀ ਨੂੰ “ਹਾਕੀ ਪ੍ਰਤਿਭਾ ਦੇ ਸਭ ਤੋਂ ਉਤਪਾਦਕ ਕੇਂਦਰਾਂ” ਵਿੱਚ ਬਦਲ ਦਿੱਤਾ।
ਨਾਮਧਾਰੀ ਹਾਕੀ ਟੀਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਅਤੇ ਬੰਗਲੁਰੂ ਦੇ ਨੈਸ਼ਨਲ ਇੰਸਟੀਟਿਊਟ ਆਫ਼ ਸਪੋਰਟਸ (NIS) ਤੋਂ ਹਾਕੀ ਕੋਚਿੰਗ ਵਿੱਚ ਡਿਪਲੋਮਾ ਕਰਨ ਤੋਂ ਬਾਅਦ, ਸਿੰਘ ਨੇ 80 ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਅਤੇ 8 ਭਾਰਤੀ ਕਪਤਾਨ ਤਿਆਰ ਕੀਤੇ।
ਉਨ੍ਹਾਂ ਨੇ 1993 ਵਿੱਚ ਜੂਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਵਜੋਂ ਕੰਮ ਕੀਤਾ, 1996 ਵਿੱਚ ਚੈਂਪਿਅਨਜ਼ ਟ੍ਰਾਫੀ ਜਿੱਤਣ ਵਾਲੀ ਭਾਰਤੀ ਟੀਮ ਦੇ ਸਹਾਇਕ ਕੋਚ ਰਹੇ ਅਤੇ 2001 ਤੋਂ 2004 ਤੱਕ ਸੀਨੀਅਰ ਰਾਸ਼ਟਰੀ ਟੀਮ ਦੇ ਮੁੱਖ ਕੋਚ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਭਾਰਤੀ ਹਾਕੀ ਦੇ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।