Punjab Road Cleaning Mission; ਪੰਜਾਬ ਸੜ੍ਹਕ ਸਫਾਈ ਮਿਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਜ਼ਿਲ੍ਹਾ ਪੱਧਰ ‘ਤੇ ਤਾਲਮੇਲ ਨੂੰ ਯਕੀਨੀ ਬਣਾਉਂਦੇ ਹੋਏ, ਜ਼ਿਲ੍ਹਾ ਮੋਹਾਲੀ ਪ੍ਰਸ਼ਾਸਨ ਨੇ ਇਨ੍ਹਾਂ ਸੜਕਾਂ ਨੂੰ ਟੋਇਆਂ ਅਤੇ ਕੂੜੇ ਤੋਂ ਮੁਕਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਮਰਪਿਤ ਸੜਕਾਂ ਦੇ ਹਿੱਸੇ ਦੇਖਭਾਲ ਲਈ ਅਲਾਟ ਕੀਤੇ ਹਨ।
ਪੰਜਾਬ ਰੋਡ ਕਲੀਨਲੀਨੈਸ ਮਿਸ਼ਨ ਵਿੱਚ ਜ਼ਿਲ੍ਹੇ ਲਈ ਸ਼ਾਮਲ ਅਧਿਕਾਰੀਆਂ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਜਵਾਬਦੇਹੀ, ਨਾਗਰਿਕ ਵਿਸ਼ਵਾਸ ਅਤੇ ਜ਼ਮੀਨੀ ਪਰਿਵਰਤਨ ਰਾਹੀਂ ਚੰਗਾ ਸ਼ਾਸਨ ਸੁਨਿਸ਼ਚਿਤ ਕਰਦੇ ਹੋਏ, ਜ਼ਿਲ੍ਹੇ ਵਿੱਚ ਪੈਂਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜ੍ਹਕਾਂ ਨੂੰ ਸਾਫ਼, ਚੰਗੀ ਤਰ੍ਹਾਂ ਪ੍ਰਕਾਸ਼ਮਾਨ (ਸਟ੍ਰੀਟ ਲਾਈਟਾਂ) ਅਤੇ ਚੰਗੀ ਤਰ੍ਹਾਂ ਰੱਖ-ਰਖਾਅ (ਮੁਰੰਮਤ) ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਤਹਿਤ ਕਲਾਸ-1 ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪ ਕੇ ਸਬੰਧਤ ਸੜ੍ਹਕ ਦੇ ਰੱਖ-ਰਖਾਅ, ਸਫਾਈ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅਧਿਕਾਰੀਆਂ ਨੂੰ ਨਿਰਧਾਰਤ ਸੜਕੀ ਟੋਟਿਆਂ ਦੇ ਇੱਕ ਹਫ਼ਤੇ ਵਿੱਚ ਦੋ ਨਿਰੀਖਣ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਸਮੇਂ ਸਿਰ ਟੋਇਆਂ ਦੀ ਮੁਰੰਮਤ, ਸਾਫ਼ ਅਤੇ ਦਿਖਾਈ ਦੇਣ ਵਾਲੇ ਆਵਾਜਾਈ ਚਿੰਨ੍ਹਾਂ ਦੇ ਨਿਸ਼ਾਨ, ਸੁਰੱਖਿਅਤ ਅਤੇ ਪਹੁੰਚਯੋਗ ਫੁੱਟਪਾਥ, ਕਾਰਜਸ਼ੀਲ ਸਟਰੀਟ ਲਾਈਟਾਂ, ਨਿਯਮਤ ਕੂੜਾ ਇਕੱਠਾ ਕਰਵਾਉਣ ਅਤੇ ਸੈਨੀਟੇਸ਼ਨ, ਅਤੇ ਆਮ ਸਫਾਈ ਅਤੇ ਨਾਗਰਿਕ ਦੇਖਭਾਲ ਨੂੰ ਯਕੀਨੀ ਬਣਾਉਣ।
ਜਿਨ੍ਹਾਂ ਅਧਿਕਾਰੀਆਂ ਨੂੰ ਸੜਕਾਂ ਸੌਂਪੀਆਂ ਗਈਆਂ ਹਨ, ਉਨ੍ਹਾਂ ਵਿੱਚ ਸੀ ਏ ਗਮਾਡਾ, ਕਮਿਸ਼ਨਰ ਨਗਰ ਨਿਗਮ, ਏ ਡੀ ਸੀ (ਜੀ), ਏ ਡੀ ਸੀ (ਆਰ ਡੀ), ਖਰੜ, ਮੋਹਾਲੀ ਅਤੇ ਡੇਰਾਬੱਸੀ ਦੇ ਐਸ ਡੀ ਐਮ, ਗਮਾਡਾ ਅਸਟੇਟ ਅਫਸਰ (ਹਾਊਸਿੰਗ) ਅਤੇ (ਪਲਾਟ), ਗਮਾਡਾ ਦੇ ਤਿੰਨੋਂ ਏ ਸੀ ਏ (ਵਧੀਕ ਮੁੱਖ ਪ੍ਰਸ਼ਾਸਕ), ਭੂਮੀ ਪ੍ਰਾਪਤੀ ਅਧਿਕਾਰੀ ਗਮਾਡਾ, ਡੀ ਸੀ ਦਫਤਰ ਦੇ ਸਹਾਇਕ ਕਮਿਸ਼ਨਰ (ਜ), ਮੁੱਖ ਇੰਜੀਨੀਅਰ ਗਮਾਡਾ, ਮੁੱਖ ਇੰਜੀਨੀਅਰ ਐਮ ਸੀ ਮੋਹਾਲੀ ਅਤੇ ਨਿਗਰਾਨ ਇੰਜੀਨੀਅਰ ਗਮਾਡਾ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਨ੍ਹਾਂ ਸੜ੍ਹਕਾਂ ਨਾਲ ਸਬੰਧਤ ਅਣਸੁਲਝੇ ਮੁੱਦਿਆਂ/ਮੁਸ਼ਕਿਲਾਂ ਨੂੰ ਮੁਕੰਮਲ ਹੋਣ ਤੱਕ ਫਾਲੋ-ਅੱਪ ਦੇ ਨਾਲ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਉਣ।
ਡੀ ਸੀ ਮੋਹਾਲੀ ਨੇ ਅੱਗੇ ਦੱਸਿਆ ਕਿ ਖੇਤਰੀ ਟਰਾਂਸਪੋਰਟ ਅਥਾਰਟੀ, ਐਸ ਏ ਐਸ ਨਗਰ ਜ਼ਿਲ੍ਹਾ ਪੱਧਰ 'ਤੇ ਮਿਸ਼ਨ ਦੇ ਪ੍ਰਭਾਵੀ ਉਦੇਸ਼ਾਂ ਦੇ ਸਮੁੱਚੇ ਤਾਲਮੇਲ, ਵੇਰਵੇ ਇਕੱਠੇ ਕਰਨ ਅਤੇ ਸਹੂਲਤ ਲਈ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਹੋਈ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਸਮੇਂ-ਸਮੇਂ 'ਤੇ ਸਮੀਖਿਆ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਪ੍ਰਸਤਾਵਿਤ ਹੱਲ 'ਤੇ ਚਰਚਾ ਕੀਤੀ ਜਾਵੇਗੀ।