Punjabi Stars and CM Nayab Saini: ਕਰਮਜੀਤ ਅਨਮੋਲ ਨੇ ਦੱਸਿਆ ਕਿ ਮੁੱਖ ਮੰਤਰੀ ਸੈਣੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਹਰਿਆਣਾ ਵਿੱਚ ਫ਼ਿਲਮ ਦੀ ਸ਼ੂਟਿੰਗ ਲਈ ਸੱਦਾ ਦਿੱਤਾ ਹੈ।
Punjabi Filmy Artists met Haryana CM: ਪੰਜਾਬ ਅਤੇ ਹਰਿਆਣਾ ਉਂਝ ਤਾਂ ਛੋਟੇ-ਵੱਡੇ ਭਰਾ ਵਾਂਗ ਹਨ, ਪਰ ਅੱਜ ਕੱਲ੍ਹ ਦੋਵਾਂ ਸੂਬਿਆਂ ‘ਚ ਸਿਰਫ ‘ਤੇ ਸਿਰਫ ਪਾਣੀਆਂ ਦੀ ਵੰਡ ਦਾ ਪੁਰਾਣਾ ਮੁੱਦਾ ਫਿਰ ਤੋਂ ਕਲੇਸ਼ ਦਾ ਕਾਰਨ ਬਣਿਆ ਹੋਇਆ ਹੈ। ਪਰ ਇਸ ਸਭ ਦੇ ਦਰਮਿਆਨ ਦੋਵਾਂ ਸੂਬਿਆਂ ‘ਚ ਆਪਸੀ ਭਾਈਚਾਰਾ ਬਰਕਰਾਰ ਹੈ ਜਿਸ ਨੂੰ ਕੋਈ ਸਿਆਸੀ ਪਾਰਟੀ ਹਿੱਲਾ ਨਹੀਂ ਸਕਦੀ।
ਇਸੇ ਤਰ੍ਹਾਂ ਦੀ ਇੱਕ ਤਸਵੀਰ ਅੱਜ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਪੰਜਾਬੀ ਫਿਲਮੀ ਕਲਾਕਾਰ ਅਤੇ ਕਾਮੇਡੀਅਨ ਬਿੰਨੂ ਢਿੱਲੋਂ, ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਿੰਗਰ-ਐਕਟਰ ਕਰਮਜੀਤ ਅਨਮੋਲ ਸਮੇਤ ਹੋਰ ਕਈ ਪੰਜਾਬੀ ਕਲਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ।
ਸੀਐਮ ਸੈਣੀ ਨਾਲ ਮੁਲਾਕਾਤ ਬਾਰੇ ਬੋਲੇ ਕਰਮਜੀਤ ਅਨਮੋਲ
ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਮੁਲਾਕਾਤ ਬਾਰੇ ਕਰਮਜੀਤ ਅਨਮੋਲ ਨੇ ਦੱਸਿਆ ਕਿ ਮੁੱਖ ਮੰਤਰੀ ਸੈਣੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਹਰਿਆਣਾ ਵਿੱਚ ਫ਼ਿਲਮ ਦੀ ਸ਼ੂਟਿੰਗ ਲਈ ਸੱਦਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਇਸ ਲਈ ਸਬਸਿਡੀ ਦੇਵੇਗੀ। ਗੱਲਬਾਤ ਵਿੱਚ ਹਰਿਆਣਾ ਵਿੱਚ ਫ਼ਿਲਮ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਫ਼ਿਲਮ ਨਿਰਮਾਤਾਵਾਂ ਨੂੰ ਮਿਲਣ ਵਾਲੀਆਂ ਸਹੂਲਤਾਂ ‘ਤੇ ਚਰਚਾ ਹੋਈ।
ਮੀਟਿੰਗ ਸਬੰਧੀ ਕਰਮਜੀਤ ਅਨਮੋਲ ਨੇ ਕਿਹਾ – ਮੈਂ ਫ਼ਿਲਮ ਇੰਡਸਟਰੀ ਨਾਲ ਜੁੜੇ ਸਾਰੇ ਕਲਾਕਾਰਾਂ ਨੂੰ ਮਿਲਿਆ ਹਾਂ। ਮੁੱਖ ਮੰਤਰੀ ਸੈਣੀ ਨੇ ਫ਼ੋਨ ਕੀਤਾ ਸੀ। ਉਨ੍ਹਾਂ ਨੇ ਹਰਿਆਣਾ ਵਿੱਚ ਫਿਲਮਾਂ ਬਣਾਉਣ ਦਾ ਸੱਦਾ ਦਿੱਤਾ ਹੈ। ਹਰਿਆਣਾ ਸਰਕਾਰ ਇਸ ਲਈ ਸਬਸਿਡੀ ਦੇਵੇਗੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਮੀਟਿੰਗ ਕਿਸੇ ਰਾਜਨੀਤਿਕ ਏਜੰਡੇ ਦੇ ਤਹਿਤ ਨਹੀਂ ਸੀ।
ਕਰਮਜੀਤ ਅਨਮੋਲ ‘ਆਪ’ ਦੀ ਟਿਕਟ ‘ਤੇ ਫਰੀਦਕੋਟ ਤੋਂ ਲੜ ਚੁੱਕੇ ਹਨ ਲੋਕ ਸਭਾ ਚੋਣ
ਦੱਸ ਦਈਏ ਕਿ ਕਰਮਜੀਤ ਅਨਮੋਲ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਫਰੀਦਕੋਟ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਮੁੱਖ ਮੰਤਰੀ ਸੈਣੀ ਨਾਲ ਮੁਲਾਕਾਤ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।
ਹਾਲਾਂਕਿ, ਕਰਮਜੀਤ ਅਨਮੋਲ ਦੇ ਰਾਜਨੀਤਿਕ ਪਿਛੋਕੜ ਅਤੇ ਮੌਜੂਦਾ ਚੋਣ ਮਾਹੌਲ ਨੂੰ ਦੇਖਦੇ ਹੋਏ, ਇਸ ਮੀਟਿੰਗ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।