ਪੰਜਾਬੀ ਗਾਇਕ ਅਰਜਨ ਢਿੱਲੋ ਸਰਹੱਦੀ ਪਿੰਡ ਸ਼ਾਹਪੁਰ ਪਹੁੰਚੇ, ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀਆਂ ਮੱਝਾਂ
Flood Relief Punjab: ਗੁਰਦਾਸਪੁਰ ਜ਼ਿਲ੍ਹੇ ਦੇ ਕਈ ਸਰਹੱਦੀ ਪਿੰਡ ਹਾਲ ਹੀ ਵਿੱਚ ਆਏ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਭਾਰਤ-ਪਾਕਿਸਤਾਨ ਸਰਹੱਦ ‘ਤੇ ਆਖਰੀ ਪਿੰਡਾਂ ਵਿੱਚੋਂ ਇੱਕ ਸ਼ਾਹਪੁਰ ਵੀ ਹੜ੍ਹਾਂ ਦੀ ਲਪੇਟ ਵਿੱਚ ਆਇਆ ਸੀ, ਜਿੱਥੇ ਕਈ ਪਰਿਵਾਰਾਂ ਦੇ ਘਰ ਢਹਿ ਗਏ, ਪਸ਼ੂ ਹੜ੍ਹ ਵਿੱਚ ਵਹਿ ਗਏ ਜਾਂ ਮਰ ਗਏ।
ਇਸ ਨਾਜ਼ੁਕ ਸਥਿਤੀ ਵਿੱਚ, ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਸ਼ਾਹਪੁਰ ਪਿੰਡ ਦਾ ਦੌਰਾ ਕੀਤਾ।
ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਮੱਝਾਂ
ਅਰਜਨ ਢਿੱਲੋਂ ਨੇ ਸ਼ਾਹਪੁਰ ਪਿੰਡ ਪਹੁੰਚ ਕੇ ਉਨ੍ਹਾਂ ਪਰਿਵਾਰਾਂ ਨੂੰ ਨਵੀਆਂ ਮੱਝਾਂ ਦਾਨ ਕੀਤੀਆਂ ਜਿਨ੍ਹਾਂ ਦੇ ਪਸ਼ੂ ਹੜ੍ਹ ਵਿੱਚ ਮਰ ਗਏ ਸਨ ਜਾਂ ਵਹਿ ਗਏ ਸਨ। ਉਨ੍ਹਾਂ ਪਰਿਵਾਰਾਂ ਲਈ ਵਿੱਤੀ ਮਦਦ ਤੋਂ ਇਲਾਵਾ, ਇਹ ਮਦਦ ਉਮੀਦ ਦੀ ਕਿਰਨ ਵਾਂਗ ਹੈ ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਵਾਪਸ ਪਟੜੀ ‘ਤੇ ਲਿਆ ਸਕਦੀ ਹੈ।
ਰਾਸ਼ਨ ਨਹੀਂ, ਹੁਣ ਘਰਾਂ ਦੀ ਮਦਦ ਦੀ ਲੋੜ – ਅਰਜਨ ਢਿੱਲੋ ਦੀ ਅਪੀਲ
ਗਾਇਕ ਨੇ ਮੀਡੀਆ ਰਾਹੀਂ ਅਪੀਲ ਕੀਤੀ ਕਿ: “ਹੁਣ ਸਮਾਂ ਰਾਸ਼ਨ ਵੰਡਣ ਦਾ ਨਹੀਂ, ਕਿਉਂਕਿ ਰਾਸ਼ਨ ਜ਼ਰੂਰੀ ਸਮੱਗਰੀ ਕਈ ਪਿੰਡਾਂ ਤੱਕ ਪਹੁੰਚ ਚੁੱਕੀ ਹੈ। ਹੁਣ ਜ਼ਰੂਰਤ ਹੈ ਉਹਨਾਂ ਦੀ ਮਦਦ ਕਰਨ ਦੀ, ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਢਹਿ ਗਈਆਂ ਨੇ ਜਾਂ ਪਸ਼ੂ ਨੁਕਸਾਨ ਹੋਏ ਨੇ। ਇਹ ਮਦਦ ਲੰਬੇ ਸਮੇਂ ਲਈ ਲਾਭਕਾਰੀ ਹੋਵੇਗੀ।”
ਸੋਸ਼ਲ ਮੀਡੀਆ ‘ਤੇ ਵੀ ਕੀਤੀ ਅਪੀਲ
ਅਰਜਨ ਢਿੱਲੋ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ, ਤਾਕਿ ਹੜ੍ਹ ਪੀੜਤ ਪਰਿਵਾਰਾਂ ਨੂੰ ਟਿਕਾਊ ਮਦਦ ਮਿਲ ਸਕੇ।