ਪੰਜਾਬੀ ਗਾਇਕ ਜਿਸਦੇ ਮੁੱਖ ਮੰਤਰੀ ਵੀ ਰਹੇ ਫੈਨ, ਪੰਜਾਬ ਪੁਲਿਸ ‘ਚ ASI ਰਹੇ, ਪੇਂਡੂ ਅਖਾੜਿਆਂ ਦੇ ਕਿੰਗ ਦਾ ਕਿਡਨੀ ਤੇ ਦਿਲ ਦੀ ਬਿਮਾਰੀ ਨਾਲ ਹੋਇਆ ਦੇਹਾਂਤ

ਮਸ਼ਹੂਰ ਪੰਜਾਬੀ ਗਾਇਕ ਗੁਰਮੀਤ ਮਾਨ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 57 ਸਾਲ ਦੀ ਉਮਰ ‘ਚ ਆਖਰੀ ਸਾਂਹ ਲਏ। ਕਰੀਬਿਆਂ ਮੁਤਾਬਕ ਉਹਨਾਂ ਨੂੰ ਦਿਲ ਦੀ ਬੀਮਾਰੀ ਸੀ। ਲਗਭਗ 3-4 ਸਾਲ ਪਹਿਲਾਂ ਉਹਨਾਂ ਦੇ ਸਟੰਟ ਵੀ ਪਾਏ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਸਟੇਜ ਸ਼ੋ ਕਰਨੇ ਘਟਾ ਦਿੱਤੇ ਸਨ।
ਇੱਕ ਹਫ਼ਤਾ ਪਹਿਲਾਂ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ। ਪਹਿਲਾਂ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਾਲਤ ਵਿੱਚ ਸੁਧਾਰ ਨਾ ਹੋਣ ‘ਤੇ ਉਹਨਾਂ ਨੂੰ ਰੂਪਨਗਰ ਦੇ ਪਰਮਾਰ ਹਸਪਤਾਲ ਲਿਆਉਂਦਾ ਗਿਆ, ਜਿੱਥੇ ਕਿਡਨੀ ਡੈਮੇਜ ਹੋਣ ਕਾਰਨ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ।
ਪੇਂਡੂ ਅਖਾੜਿਆਂ ਦਾ ਕਿੰਗ ਮੰਨਿਆ ਜਾਂਦਾ ਸੀ
ਰੂਪਨਗਰ ਦੇ ਰਹਿਣ ਵਾਲੇ ਗੁਰਮੀਤ ਮਾਨ ਨੂੰ ਪੇਂਡੂ ਅਖਾੜਿਆਂ ਦਾ ਕਿੰਗ ਮੰਨਿਆ ਜਾਂਦਾ ਸੀ। ‘ਸਹੁਰਿਆਂ ਦਾ ਪਿੰਡ’ ਅਤੇ ‘ਚੰਡੀਗੜ੍ਹ ਇਨ ਰੂਮ’ ਗਾਣਿਆਂ ਨਾਲ ਉਹਨਾਂ ਨੂੰ ਕਾਫੀ ਲੋਕਪ੍ਰਿਆਤਾ ਮਿਲੀ। ਉਹਨਾਂ ਦੀ ਸਿੰਗਰ ਪ੍ਰੀਤ ਪਾਇਲ ਨਾਲ ਜੋੜੀ ਵੀ ਬਹੁਤ ਮਸ਼ਹੂਰ ਸੀ। ਇਸ ਤੋਂ ਇਲਾਵਾ ਗੁਰਮੀਤ ਮਾਨ ਪੰਜਾਬ ਪੁਲਿਸ ‘ਚ ਸਹਾਇਕ ਸਬ-ਇੰਸਪੈਕਟਰ (ASI) ਦੇ ਤੌਰ ‘ਤੇ ਤਾਇਨਾਤ ਸਨ।
ਰੂਪਨਗਰ ਜ਼ਿਲ੍ਹੇ ‘ਚ ਜਨਮ ਲੈਣ ਵਾਲੇ ਗੁਰਮੀਤ ਮਾਨ ਆਪਣੀ ਮਿੱਠੀ ਆਵਾਜ਼, ਦਿਲ ਛੂਹਣ ਵਾਲੇ ਗੀਤਾਂ ਅਤੇ ਪੰਜਾਬੀ ਸੱਭਿਆਚਾਰਕ ਰਚਨਾਵਾਂ ਲਈ ਜਾਣੇ ਜਾਂਦੇ ਸਨ। ਉਹਨਾਂ ਦਾ ਜਨਮ ਰੂਪਨਗਰ ਜ਼ਿਲ੍ਹੇ ਵਿੱਚ ਹੋਇਆ ਸੀ। ਪੰਜਾਬੀ ਪੇਂਡੂ ਸੱਭਿਆਚਾਰ ਨਾਲ ਜੁੜੇ ਉਹਨਾਂ ਦੇ ਗੀਤ ਹਮੇਸ਼ਾਂ ਲੋਕਾਂ ਦੇ ਦਿਲਾਂ ‘ਚ ਵੱਸਦੇ ਰਹੇ। ਗਾਇਕ ਹੋਣ ਦੇ ਨਾਲ-ਨਾਲ ਗੁਰਮੀਤ ਮਾਨ ਨੇ ਪੰਜਾਬ ਪੁਲਿਸ ‘ਚ ਅਧਿਕਾਰੀ ਦੇ ਤੌਰ ‘ਤੇ ਵੀ ਸੇਵਾ ਨਿਭਾਈ ਸੀ।
ਸੀਐਮ ਨੇ ਵੀ ਕੀਤੀ ਸੀ ਤਾਰੀਫ
ਗਾਇਕ ਗੁਰਮੀਤ ਮਾਨ ਦੇ ਲੰਮੇ ਸਮੇਂ ਨਾਲ ਰਹੇ ਰੂਪਨਗਰ ਦੇ ਲਖਵੀਰ ਸਿੰਘ ਦੱਸਦੇ ਹਨ ਕਿ ਇੱਕ ਵਾਰ ਰੂਪਨਗਰ ਦੇ ਬੁੰਗਾ ਸਾਹਿਬ ‘ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਹ ਪੂਲ ਦਾ ਉਦਘਾਟਨ ਕਰਨ ਆਏ ਸਨ। ਇਸ ਵੇਲੇ SSP ਨੇ ਦੱਸਿਆ ਕਿ ਉਹਨਾਂ ਦਾ ਇੱਕ ਮੁਲਾਜ਼ਮ ਬਹੁਤ ਵਧੀਆ ਗਾਉਂਦਾ ਹੈ।
ਇਸ ‘ਤੇ ਕੈਪਟਨ ਨੇ ਕਿਹਾ ਕਿ ਉਸਨੂੰ ਬੁਲਾਓ। ਗੁਰਮੀਤ ਮਾਨ ਨੂੰ ਬੁਲਾਇਆ ਗਿਆ ਅਤੇ ਕੈਪਟਨ ਨੇ ਉਹਨਾਂ ਦਾ ਗੀਤ ਸੁਣਿਆ। ਗੀਤ ਸੁਣਦੇ ਹੀ ਕੈਪਟਨ ਨੇ ਕਿਹਾ– “ਉਠਾਓ ਆਪਣਾ ਸਾਜ-ਓ-ਸਾਮਾਨ, ਕੱਲ ਤੋਂ ਕੋਈ ਡਿਊਟੀ ਨਹੀਂ ਕਰਨੀ।”
ਗੁਰਮੀਤ ਮਾਨ ਨੇ ਇਹ ਗੱਲ ਘਰ ਜਾ ਕੇ ਆਪਣੀ ਮਾਂ ਨੂੰ ਦੱਸੀ। ਮਾਂ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰੋ। ਇਸੀ ਕਾਰਨ ਗੁਰਮੀਤ ਮਾਨ ਨੇ ਕਦੇ ਵੀ ਡਿਊਟੀ ਮਿਸ ਨਹੀਂ ਕੀਤੀ। ਉਹ ਆਖ਼ਿਰ ਤੱਕ ਪੁਲਿਸ ਲਾਈਨ ਦੀ ਕੈਂਟੀਨ ‘ਚ ਸੇਵਾ ਦਿੰਦੇ ਰਹੇ।
ਗੁਰਮੀਤ ਮਾਨ ਦੇ ਇਹ ਗੀਤ ਲੋਕਾਂ ਦੀ ਜੁਬਾਨ ‘ਤੇ ਰਹੇ
ਗੁਰਮੀਤ ਮਾਨ ਨੇ ਕਈ ਅਜਿਹੇ ਗੀਤ ਦਿੱਤੇ ਜੋ ਲੋਕਾਂ ਦੇ ਦਿਲਾਂ ‘ਚ ਵੱਸ ਗਏ। ਉਹਨਾਂ ਦੀਆਂ ਮਸ਼ਹੂਰ ਐਲਬਮਾਂ ‘ਚ ‘ਸਹੁਰਿਆਂ ਦਾ ਪਿੰਡ’ ਅਤੇ ‘ਚੰਡੀਗੜ੍ਹ ਇਨ ਰੂਮ’ ਸ਼ਾਮਲ ਹਨ। ਗਾਇਕਾ ਪ੍ਰੀਤ ਪਾਇਲ ਨਾਲ ਉਹਨਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਸੀ। ਉਹਨਾਂ ਦੇ ਗੀਤਾਂ ‘ਚੋਂ ‘ਲਵ ਲੈਟਰ’, ‘ਬਾਦਲ ਦੇ ਨੀਲੇ ਕਾਰਡ ਵਾਂਗੂੰ ਤੇਰੀ ਫੋਟੋ ਸਾਂਭ ਕੇ ਰੱਖਾਂਗਾ’ ਵਰਗੇ ਗੀਤ ਬਹੁਤ ਹੀ ਲੋਕਪ੍ਰਿਯ ਰਹੇ। ਗਾਇਕੀ ਤੋਂ ਇਲਾਵਾ, ਗੁਰਮੀਤ ਮਾਨ ਨੇ ਪੰਜਾਬੀ ਕਾਮੇਡੀ, ਅਦਾਕਾਰੀ ਅਤੇ ਪ੍ਰੋਡਕਸ਼ਨ ਦੇ ਖੇਤਰ ‘ਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਗੁਰਮੀਤ ਮਾਨ ਦੀ ਜੋੜੀ ਪ੍ਰੀਤ ਪਾਇਲ ਨਾਲ ਬਹੁਤ ਮਸ਼ਹੂਰ ਸੀ ਅਤੇ ਉਹਨਾਂ ਦੇ ਗਾਏ ਗੀਤ ਅੱਜ ਵੀ ਪਿੰਡ-ਪਿੰਡ ‘ਚ ਗੂੰਜਦੇ ਹਨ। ਸੋਸ਼ਲ ਮੀਡੀਆ ‘ਤੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ‘ਵਾਇਰਲ ਬਯਾਨੀ’ ਨਾਮ ਦੀ ਇੰਸਟਾਗ੍ਰਾਮ ਆਈਡੀ ‘ਤੇ ਲਿਖਿਆ ਗਿਆ – ਗੁਰਮੀਤ ਮਾਨ ਦੀ ਕਮੀ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਚ ਹਮੇਸ਼ਾ ਮਹਿਸੂਸ ਹੋਵੇਗੀ। ਉਹਨਾਂ ਦੀ ਆਵਾਜ਼ ਭਾਵੇਂ ਹੁਣ ਖਾਮੋਸ਼ ਹੋ ਗਈ ਹੋਵੇ, ਪਰ ਉਹਨਾਂ ਦੀਆਂ ਯਾਦਾਂ ਅਤੇ ਗੀਤ ਹਮੇਸ਼ਾਂ ਚਾਹੁਣ ਵਾਲਿਆਂ ਦੇ ਦਿਲਾਂ ‘ਚ ਜਿੰਦਾ ਰਹਿਣਗੇ।
ਗਾਇਕ ਗੁਰਮੀਤ ਮਾਨ ਹਾਲੇ ਵੀ ਪੁਲਿਸ ਵਿਭਾਗ ‘ਚ ਨੌਕਰੀ ਕਰ ਰਹੇ ਸਨ। ਉਹਨਾਂ ਦੀ ਡਿਊਟੀ ਰੂਪਨਗਰ ਪੁਲਿਸ ਲਾਈਨ ‘ਚ ਏਐਸਆਈ ਦੇ ਤੌਰ ‘ਤੇ ਸੀ। ਉਹਨਾਂ ਦੀ ਪਤਨੀ ਵੀ ਰੂਪਨਗਰ ‘ਚ ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਰਹੀ ਹੈ ਅਤੇ ਇਸ ਵੇਲੇ ਰਿਟਾਇਰਡ ਹਨ।