Red Alert in Manali: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਰਟ ਤੋਂ ਪਤਾ ਲੱਗਦਾ ਹੈ ਕਿ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਮਨਾਲੀ ਵਿੱਚ ਸੋਮਵਾਰ ਰਾਤ ਤੋਂ ਲਗਾਤਾਰ ਬਾਰਿਸ਼ ਕਾਰਨ ਬਿਆਸ ਨਦੀ ਆਪਣੀ ਸੀਮਾ ਪਾਰ ਕਰ ਗਈ ਹੈ।
ਹਾਈਵੇਅ ‘ਤੇ ਬਿਆਸ ਨਦੀ ਦਾ ਪਾਣੀ, ਬੱਸ ਸਟੈਂਡ ਪਾਣੀ ਵਿੱਚ ਡੁੱਬੇ
ਮੀਂਹ ਦੀ ਤੀਬਰਤਾ ਕਾਰਨ ਨਦੀ ਦਾ ਪਾਣੀ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਵਿੱਚ ਦਾਖਲ ਹੋ ਗਿਆ ਹੈ। ਆਲੂਆਂ ਦਾ ਮੈਦਾਨ, ਵੋਲਵੋ ਬੱਸ ਸਟੈਂਡ ਅਤੇ ਗ੍ਰੀਨ ਟੈਕਸ ਬੈਰੀਅਰ ਪਾਣੀ ਵਿੱਚ ਡੁੱਬ ਗਏ ਹਨ। ਪਾਣੀ ਭਰਨ ਕਾਰਨ ਸੜਕਾਂ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਸੁਰੱਖਿਆ ਲਈ ਸਕੂਲ ਅਤੇ ਕਾਲਜ ਬੰਦ
ਮਨਾਲੀ ਪ੍ਰਸ਼ਾਸਨ ਵੱਲੋਂ ਮੰਗਲਵਾਰ ਲਈ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜਲ ਸਤਰ ਵਧਣ ਦੇ ਚਲਦੇ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।
ਬਾਹੰਗ ਖੇਤਰ ‘ਚ ਘਰ ਤੇ ਦੁਕਾਨਾਂ ਨਸ਼ਟ, ਹੋਟਲ ਵੀ ਵੱਗੇ
ਬਾਹੰਗ ਇਲਾਕੇ ਵਿੱਚ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ। ਕਈ ਦੁਕਾਨਾਂ, ਘਰ ਅਤੇ ਮਸ਼ਹੂਰ ਸ਼ੇਰੇ-ਏ-ਪੰਜਾਬ ਹੋਟਲ ਵੀ ਪਾਣੀ ਵਿੱਚ ਵਹਿ ਗਏ। ਇਕ ਕੈਫੇ ਦਾ ਸਿਰਫ਼ ਗੇਟ ਹੀ ਬਚਿਆ, ਸਾਰਾ ਹੋਰ ਸਮਾਨ ਦਰਿਆ ਚ ਲੀਨ ਹੋ ਗਿਆ।
ਪ੍ਰਸ਼ਾਸਨ ਵੱਲੋਂ ਨਜ਼ਰ ਬਣੀ ਹੋਈ, ਹੜ੍ਹ ਦੇ ਖਤਰੇ ਉਤੇ ਜ਼ੋਰ
ਪ੍ਰਸ਼ਾਸਨਿਕ ਅਧਿਕਾਰੀ ਹਾਲਾਤ ‘ਤੇ ਨਜ਼ਰ ਰਖੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਤ ਫਿਲਹਾਲ ਕੰਟਰੋਲ ਵਿੱਚ ਹਨ ਪਰ ਜਿਵੇਂ-ਜਿਵੇਂ ਮੀਂਹ ਜਾਰੀ ਰਹਿੰਦਾ ਹੈ, ਖਤਰਾ ਵੱਧ ਰਿਹਾ ਹੈ।