ਖਾਤਰ ਰਿਜ਼ਕ ਦੇ ਖੱਜਲ਼ ਖੁਆਰ ਹੋਏ,
ਧਰਤ ਬਿਗਾਨੀ ਨੂੰ ਨਾ ਸਵੀਕਾਰ ਹੋਏ।
ਦੋਸ਼ੀ ਦੱਸੋ ਹੁਣ ਕਿਸ ਨੂੰ ਕਹੀਏ,
ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।
ਰੋਜ਼ੀ ਰੋਟੀ ਕਮਾਉਣੀ ਹੈ ਬੜੀ ਔਖੀ,
ਹੱਡ ਭੰਨਵੀਂ ਲੱਗੇ ਮਿਹਨਤ ਚੋਖੀ।
ਉਮਰ ਮਿਹਨਤਾਂ ਵਾਲੀ ਵੀ ਖੁੱਸ ਰਹੀ ਏ,
ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।
ਡਾਲਰ ਚਮਕਦੇ ਦੂਰੋਂ ਲੱਗਣ ਚੰਗੇ,
ਕਮਾਉਣ ਵਾਲਿਆਂ ਲਈ ਨੇ ਬੜੇ ਪੰਗੇ।
ਦਮਕ ਡਾਲਰਾਂ ਵਾਲੀ ਹੀ ਖਿੱਚ ਰਹੀ ਏ,
ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।
ਜੋ ਹੋਇਆ ਪੱਕਾ ਉਹਨੂੰ ਸਵਰਗ ਜਾਪੇ,
ਮੁੜਨ ਵਾਲਿਆਂ ਦੇ ਬਹਿ ਕੇ ਰੋਣ ਮਾਪੇ।
ਜਿੰਨਾਂ ਜ਼ਮੀਨ ਵੀ ਗਹਿਣੇ ਧਰੀ ਹੋਈ ਏ,
ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।
ਮਾਂ ਆਪਣੀ ਹੀ ਸਦਾ ਗਲ਼ੇ ਲਾਂਵਦੀ ਹੈ,
ਸੋਹਲੇ ਆਪਣੀ ਔਲਾਦ ਦੇ ਹੀ ਗਾਂਵਦੀ ਹੈ।
ਧਰਤ ਆਪਣੀ ਹੀ ਅੱਜ ਸਤਿਕਾਰਦੀ ਏ,
ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਹੈ।
ਕਾਹਨੂੰ ਕੋਈ ਕਿਧਰੇ ਖੱਜਲ਼ ਖੁਆਰ ਹੋਵੇ,
ਜੇਕਰ ਨੌਜੁਆਨਾਂ ਲਈ ਇੱਥੇ ਰੁਜ਼ਗਾਰ ਹੋਵੇ ।
ਸਰਕਾਰਾਂ ਵੇਖਣ ਪਿਰਤ ਕੇਹੀ ਚੱਲ ਰਹੀ ਏ।
ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।
ਤਿਵਾੜੀ ਮਨਜੀਤ