ਖਰੜ ‘ਚ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਕੈਸ਼ ਵਾਲਾ ਬੈਗ ਖੋਹ ਫ਼ਰਾਰ ਹੋਏ ਲੁਟੇਰੇ
ਖਰੜ: ਇੱਥੇ ਪਨਸੱਪ ਗੈਸ ਏੰਜਸੀ ਦੇ ਪੀਰ ਸੋਹਾਣਾ ਗੋਦਾਮ ਵਿਖੇ ਕੰਮ ਕਰਨ ਵਾਲੇ ਮੁਲਾਜ਼ਮ ਨਾਲ ਲੱਖਾਂ ਰੁਪਿਆਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਪਨ ਨਾਂ ਦਾ ਮੁਲਾਜ਼ਮ ਗੈਸ ਏਜੰਸੀ ‘ਚੋਂ ਕੈਸ਼ ਵਾਲਾ ਬੈਗ ਲੈ ਕੇ ਜਾ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਦੋਸਤ ਧਰਮਪਾਲ ਵੀ ਉਸ ਦੇ ਨਾਲ ਸੀ। ਇਸ ਦੌਰਾਨ ਪਿੱਛਿਓਂ ਅਚਾਨਕ 2 ਲੁਟੇਰੇ ਬਾਈਕ ‘ਤੇ ਆਏ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਬਾਈਕ ਬਰਾਬਰ ਕਰਕੇ ਵਿਪਨ ਦੀ ਪਿੱਠ ‘ਤੇ ਪਿਸਤੌਲ ਦਾ ਵੱਟ ਮਾਰਿਆ।
ਜਦੋਂ ਵਿਪਨ ਅਤੇ ਧਰਮਪਾਲ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਇਕ ਫਾਇਰ ਹਵਾ ‘ਚ ਕੀਤਾ, ਜਦੋਂ ਕਿ ਦੂਜਾ ਫਾਇਰ ਉਨ੍ਹਾਂ ਦੇ ਪੈਰਾਂ ‘ਚ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਕਤ ਦੋਵੇਂ ਕੁੱਝ ਸਮਝ ਸਕਦੇ, ਲੁਟੇਰੇ ਵਿਪਨ ਕੋਲੋਂ ਕੈਸ਼ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਬੈਗ ‘ਚ ਸਾਢੇ 3 ਲੱਖ ਰੁਪਏ ਦੇ ਕਰੀਬ ਰਕਮ ਸੀ। ਇਸ ਘਟਨਾ ਦੀ ਸੂਚਨਾ ਥਾਣਾ ਸਦਰ ਖਰੜ ਪੁਲਸ ਨੂੰ ਦਿੱਤੀ ਗਈ ਹੈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।