ਆਰਐਸਐਸ ਨੇਤਾ ਦੇ ਪੁੱਤਰ ਨਵੀਨ ਅਰੋੜਾ ਕਤਲ ਮਾਮਲਾ: ਪੁਲਿਸ ਨਾਲ ਮੁਕਾਬਲੇ ਵਿੱਚ ਮਾਸਟਰਮਾਈਂਡ ਜਤਿਨ ਕਾਲੀ ਜ਼ਖਮੀ
ਫਿਰੋਜ਼ਪੁਰ: ਆਰਐਸਐਸ ਨੇਤਾ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਾਮਲੇ ਦੇ ਮਾਸਟਰਮਾਈਂਡ ਜਤਿਨ ਕਾਲੀ ਨੂੰ ਮੁਕਾਬਲੇ ਦੌਰਾਨ ਕਾਬੂ ਕਰ ਲਿਆ। ਕਾਲੀ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਖੁਫੀਆ ਇਨਪੁੱਟ ਦੇ ਆਧਾਰ ’ਤੇ ਨਾਕਾਬੰਦੀ
ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਮੁਤਾਬਕ, ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕਤਲਕਾਂਡ ਦਾ ਮੁੱਖ ਦੋਸ਼ੀ ਜਤਿਨ ਕਾਲੀ ਆਰਥ ਕੇ ਇਲਾਕੇ ਵਿੱਚ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਖਾਸ ਟੀਮਾਂ ਤੈਨਾਤ ਕਰਕੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ।
ਰੁਕਣ ਦਾ ਇਸ਼ਾਰਾ ਕੀਤੇ ਜਾਣ ’ਤੇ ਗੋਲੀਬਾਰੀ
ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਰੁਕਣ ਦੀ ਬਜਾਏ, ਜਤਿਨ ਕਾਲੀ ਨੇ ਮੋਟਰਸਾਈਕਲ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਪੁਲਿਸ ਦੀ ਗੱਡੀ ’ਤੇ ਵੀ ਲੱਗੀ।
ਜਵਾਬੀ ਕਾਰਵਾਈ ਵਿੱਚ ਕਾਲੀ ਜ਼ਖਮੀ
ਪੁਲਿਸ ਨੇ ਆਪਣੀ ਪੁਜ਼ੀਸ਼ਨ ਬਣਾਈ ਅਤੇ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਜਤਿਨ ਕਾਲੀ ਗੋਲੀ ਲੱਗਣ ਨਾਲ ਡਿੱਗ ਪਿਆ। ਉਸਨੂੰ ਤੁਰੰਤ ਜ਼ਖਮੀ ਹਾਲਤ ਵਿੱਚ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਦੋ ਮੁਲਜ਼ਮ ਪਹਿਲਾਂ ਗ੍ਰਿਫ਼ਤਾਰ, ਦੋ ਅਜੇ ਵੀ ਫਰਾਰ
ਪੁਲਿਸ ਨੇ ਕਤਲ ਮਾਮਲੇ ਵਿੱਚ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ, ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ। ਪੁਲਿਸ ਟੀਮਾਂ ਉਨ੍ਹਾਂ ਦੀ ਭਾਲ ਲਈ ਕਈ ਥਾਵਾਂ ’ਤੇ ਛਾਪੇਮਾਰੀਆਂ ਕਰ ਰਹੀਆਂ ਹਨ।