Haryana CET Exam: HSSC ਦੇ ਚੇਅਰਮੈਨ ਹਿੰਮਤ ਸਿੰਘ ਨੇ ਕਿਹਾ ਸੀ ਕਿ ਅੰਮ੍ਰਿਤਧਾਰੀ ਸਿੱਖਾਂ ਅਤੇ ਵਿਆਹੀਆਂ ਔਰਤਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਪਵੇਗਾ, ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ।
Sikh youth stopped Due to Wearing Kada: ਅੱਜ (26 ਜੁਲਾਈ) ਹਰਿਆਣਾ ਵਿੱਚ ਕਾਮਨ ਐਲੀਜਿਬਿਲੀਟੀ ਟੈਸਟ (ਸੀਈਟੀ) ਪ੍ਰੀਖਿਆ ਦਾ ਪਹਿਲਾ ਦਿਨ ਹੈ। ਪਹਿਲੀ ਸ਼ਿਫਟ ਦੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ, ਹੁਣ ਦੂਜੀ ਸ਼ਿਫਟ ਦੀ ਪ੍ਰੀਖਿਆ ਦੁਪਹਿਰ 3.15 ਵਜੇ ਤੋਂ ਸ਼ੁਰੂ ਹੋ ਗਈ ਹੈ। ਇਹ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ, ਪਹਿਲੀ ਸ਼ਿਫਟ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ 11.45 ਵਜੇ ਤੱਕ ਹੋਈ ਸੀ।
ਦੂਜੀ ਸ਼ਿਫਟ ਵਿੱਚ ਹੰਗਾਮਾ ਹੋਇਆ ਜਦੋਂ ਹਿਸਾਰ ‘ਚ ਇੱਕ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਜਾਣਕਾਰੀ ਮੁਤਾਬਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਮਿਲਨਵੀਰ ਸਿੰਘ ਪ੍ਰੀਖਿਆ ਦੇਣ ਲਈ ਹਿਸਾਰ ਦੇ ਸੈਕਟਰ 16-17 ਸਮਾਲ ਵੰਡਰ ਸਕੂਲ ਪਹੁੰਚਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਕਿਰਪਾਨ ਪਾ ਕੇ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ ਪਰ ਕੜਾ ਉਤਾਰਨ ਨੂੰ ਕਿਹਾ ਗਿਆ।

ਜਦੋਂ ਨੌਜਵਾਨ ਨੇ ਇਨਕਾਰ ਕਰ ਦਿੱਤਾ ਤਾਂ ਉਸਨੂੰ ਰੋਕ ਦਿੱਤਾ ਗਿਆ। ਇਹ ਗੱਲ ਸਾਹਮਣੇ ਆਉਂਦੇ ਹੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਸਾਬਕਾ ਮੁਖੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਸੁਖਸਾਗਰ ਸਿੰਘ ਨੇ ਆ ਕੇ ਵਿਰੋਧ ਕੀਤਾ। ਉਸਨੇ ਪੁਲਿਸ ਨੂੰ ਦੱਸਿਆ ਕਿ ਕੜਾ ਸਿੱਖਾਂ ਦੇ 5 ਕਕਾਰਾਂ ਚੋਂ ਇੱਕ ਹੈ ਜਿਸਨੂੰ HSSC ਨੇ ਲਿਜਾਣ ਦੀ ਇਜਾਜ਼ਤ ਦਿੱਤੀ ਹੈ।
13 ਲੱਖ ਤੋਂ ਵੱਧ ਉਮੀਦਵਾਰ, ਸਿੱਖਾਂ ਨੂੰ CET ਵਿੱਚ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ
ਅੰਮ੍ਰਿਤਧਾਰੀ ਸਿੱਖਾਂ ਨੂੰ ਤੀਜੇ ਦਰਜੇ ਦੀਆਂ ਅਸਾਮੀਆਂ ਲਈ 26 ਅਤੇ 27 ਜੁਲਾਈ ਨੂੰ ਹੋਣ ਵਾਲੇ ਜਨਰਲ ਯੋਗਤਾ ਪ੍ਰੀਖਿਆ (CET) ਵਿੱਚ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਦਿੱਤੀ ਗਈ। ਅੰਮ੍ਰਿਤਧਾਰੀ ਸਿੱਖਾਂ ਅਤੇ ਵਿਆਹੀਆਂ ਔਰਤਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਪਵੇਗਾ, ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਦੇ ਚੇਅਰਮੈਨ ਹਿੰਮਤ ਸਿੰਘ ਨੇ ਬੁੱਧਵਾਰ ਨੂੰ ਪ੍ਰੀਖਿਆ ਦੀਆਂ ਤਿਆਰੀਆਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ 13 ਲੱਖ 48 ਹਜ਼ਾਰ 697 ਉਮੀਦਵਾਰ ਹਿੱਸਾ ਲੈਣਗੇ।