ਰੂਸ ਦੇ ਉਪ ਰੱਖਿਆ ਮੰਤਰੀ ‘ਤੇ ਕਤਲ ਦੀ ਕੋਸ਼ਿਸ਼, ਸ਼ੂਟਰ ਨੇ ਮਾਰੀ ਗੋਲੀ
Deputy Defence Minister: ਇੱਕ ਸੀਨੀਅਰ ਰੂਸੀ ਫੌਜੀ ਅਧਿਕਾਰੀ, ਲੈਫਟੀਨੈਂਟ ਜਨਰਲ ਵਲਾਦੀਮੀਰ ਅਲੇਕਸੀਯੇਵ, ਨੂੰ ਸ਼ੁੱਕਰਵਾਰ ਨੂੰ ਮਾਸਕੋ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਸਰਕਾਰੀ ਮੀਡੀਆ ਨੇ ਜਾਂਚ ਏਜੰਸੀਆਂ ਦੇ ਹਵਾਲੇ ਨਾਲ ਕਿਹਾ। ਲੈਫਟੀਨੈਂਟ ਜਨਰਲ ਵਲਾਦੀਮੀਰ ਅਲੇਕਸੀਯੇਵ ਰੂਸੀ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਡਾਇਰੈਕਟੋਰੇਟ ਦੇ ਡਿਪਟੀ ਚੀਫ਼ ਹਨ, ਭਾਵ ਉਪ ਰੱਖਿਆ ਮੰਤਰੀ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਸੀਨੀਅਰ ਰੂਸੀ ਫੌਜੀ ਅਧਿਕਾਰੀਆਂ ਦੀ ਹੱਤਿਆ ਕੀਤੀ ਗਈ ਹੈ, ਜਿਸ ਲਈ ਰੂਸ ਨੇ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਪਾਰਟਮੈਂਟ ਬਿਲਡਿੰਗ ਦੇ ਅੰਦਰ ਗੋਲੀਬਾਰੀ
ਜਾਂਚ ਕਮੇਟੀ ਦੀ ਬੁਲਾਰਨ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਵਲਾਦੀਮੀਰ ਅਲੇਕਸੀਯੇਵ ਨੂੰ ਉੱਤਰ-ਪੱਛਮੀ ਮਾਸਕੋ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਅੰਦਰ ਇੱਕ ਅਣਪਛਾਤੇ ਹਮਲਾਵਰ ਨੇ ਕਈ ਗੋਲੀਆਂ ਮਾਰੀਆਂ ਹਨ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪੈਟਰੇਂਕੋ ਨੇ ਇਹ ਨਹੀਂ ਦੱਸਿਆ ਕਿ ਹਮਲੇ ਪਿੱਛੇ ਕੌਣ ਹੋ ਸਕਦਾ ਹੈ। ਵਲਾਦੀਮੀਰ ਅਲੇਕਸੀਯੇਵ 2011 ਤੋਂ ਰੂਸ ਦੀ ਫੌਜੀ ਖੁਫੀਆ ਏਜੰਸੀ ਦੇ ਪਹਿਲੇ ਡਿਪਟੀ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ।
ਯੂਕਰੇਨ ਯੁੱਧ ਤੋਂ ਬਾਅਦ ਕਈ ਰੂਸੀ ਫੌਜੀ ਅਫਸਰ ਮਾਰੇ ਗਏ
ਜਦੋਂ ਰੂਸੀ ਭਾੜੇ ਦੇ ਸੈਨਿਕਾਂ ਦੇ ਮੁਖੀ, ਯੇਵਗੇਨੀ ਪ੍ਰਿਗੋਜ਼ਿਨ ਨੇ ਜੂਨ 2023 ਵਿੱਚ ਥੋੜ੍ਹੇ ਸਮੇਂ ਲਈ ਬਗਾਵਤ ਕੀਤੀ, ਤਾਂ ਵਲਾਦੀਮੀਰ ਅਲੇਕਸੇਯੇਵ ਉਨ੍ਹਾਂ ਚੋਟੀ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਉਸ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ।
ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਕਈ ਸੀਨੀਅਰ ਰੂਸੀ ਫੌਜੀ ਅਫਸਰਾਂ ਦੀ ਹੱਤਿਆ ਕੀਤੀ ਗਈ ਹੈ। ਮਾਸਕੋ ਨੇ ਇਨ੍ਹਾਂ ਹਮਲਿਆਂ ਲਈ ਕੀਵ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੁਝ ਮਾਮਲਿਆਂ ਵਿੱਚ, ਯੂਕਰੇਨੀ ਫੌਜੀ ਖੁਫੀਆ ਏਜੰਸੀ ਨੇ ਵੀ ਜ਼ਿੰਮੇਵਾਰੀ ਲਈ ਹੈ।
ਸਭ ਤੋਂ ਤਾਜ਼ਾ ਮਾਰੇ ਗਏ ਅਧਿਕਾਰੀ ਲੈਫਟੀਨੈਂਟ ਜਨਰਲ ਫੈਨਿਲ ਸਰਵੋਰੋਵ ਸਨ, ਜੋ ਜਨਰਲ ਸਟਾਫ ਦੇ ਆਰਮੀ ਟ੍ਰੇਨਿੰਗ ਡਾਇਰੈਕਟੋਰੇਟ ਦੇ ਮੁਖੀ ਸਨ। 22 ਦਸੰਬਰ ਨੂੰ ਉਨ੍ਹਾਂ ਦੀ ਕਾਰ ਦੇ ਹੇਠਾਂ ਲਗਾਏ ਗਏ ਬੰਬ ਦੇ ਫਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।