SMO of Government Hospital Lehragaga Accused of Negligence: ਪੀੜਰ ਪਰਿਵਾਰ ਨੇ ਕਿਹਾ ਕਿ ਜਦੋਂ ਅਸੀਂ 24 ਜੁਲਾਈ ਨੂੰ ਬੱਚੇ ਨੂੰ ਸਵੇਰੇ 7 ਕੁ ਵਜੇ ਲੈ ਕੇ ਗਏ ਤਾਂ ਡਾਕਟਰ ਨੇ ਬੱਚੇ ਦਾ ਇਲਾਜ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਵਾਰ-ਵਾਰ ਪਰਿਵਾਰ ਵਲੋਂ ਬੇਨਤੀ ਕਰਨ ‘ਤੇ ਵੀ ਡਾਕਟਰ ਬੱਚੇ ਦਾ ਇਲਾਜ ਕਰਨ ਨਹੀਂ ਆਇਆ।
Sangrur Child Death: ਪਿਛਲੇ ਦਿਨੀਂ ਲਹਿਰਾਗਾਗਾ ਦੇ ਵਾਰਡ ਨੰਬਰ ਅੱਠ ਦੇ ਇੱਕ ਗਰੀਬ ਪਰਿਵਾਰ ਦੇ ਦੋ ਸਾਲਾ ਬੱਚੇ ਦੀ ਮੌਤ ਹੋਈ ਸੀ। ਪੀੜਤ ਪਰਿਵਾਰ ਨੇ ਬੱਚੇ ਦੀ ਮੌਤ ਦੇ ਦੋਸ਼ ਸਰਕਾਰੀ ਹਸਪਤਾਲ ਲਹਿਰਾਗਾਗਾ ਦੇ ਐਸਐਮਓ ‘ਤੇ ਲਗਾਉਂਦਿਆਂ ਕਿਹਾ ਕਿ ਡਾਕਟਰ ਦੀ ਅਣਗਹਿਲੀ ਕਰਕੇ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ।
ਪੀੜਤ ਪਰਿਵਾਰ ਨੇ ਸਰਕਾਰੀ ਹਸਪਤਾਲ ਲਹਿਰਾਗਾਗਾ ਦਾ ਐਸਐਮਓ ਸੰਜੇ ਬਾਂਸਲ ‘ਤੇ ਪ੍ਰਾਈਵੇਟ ਤੌਰ ਤੇ ਇਲਾਜ ਦੌਰਾਨ ਅਣਗਹਿਲੀ ਕਰਨ ਦੇ ਦੋਸ਼ ਲਾਉਂਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੋ ਸਾਲਾ ਬੱਚੇ ਦੇ ਪਿਤਾ ਓਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਬੁਖਾਰ ਸੀ , ਇਹ ਪਤਾ ਲੱਗਣ ‘ਤੇ ਕਿ ਸਰਕਾਰੀ ਹਸਪਤਾਲ ਲਹਿਰਾ ਵਿੱਚ ਤਾਇਨਾਤ ਬੱਚਿਆਂ ਦਾ ਡਾਕਟਰ ਮਰੀਜ਼ ਨੂੰ ਇਥੇ ਚੰਗੀ ਤਰ੍ਹਾਂ ਨਹੀਂ ਦੇਖਦਾ, ਉਹ ਬੱਚੇ ਨੂੰ 23 ਜੁਲਾਈ ਨੂੰ ਸੁਨਾਮ ਵਿਖੇ ਉਸਦੇ ਪ੍ਰਾਈਵੇਟ ਕਲੀਨਿਕ (ਰਿਹਾਇਸ਼) ‘ਤੇ ਲੈ ਗਏ। ਜਿੱਥੇ ਕਿ 200 ਰੁਪਏ ਦੀ ਪਰਚੀ ਕੱਟੀ ਗਈ ਅਤੇ ਇਲਾਜ ਕੀਤਾ ਗਿਆ, ਪਰ ਅਗਲੇ ਦਿਨ ਸਵੇਰੇ ਬੱਚੇ ਦੀ ਤਬੀਅਤ ਖਰਾਬ ਹੋ ਗਈ
ਵਾਰ-ਵਾਰ ਬੇਨਤੀ ਕਰਨ ‘ਤੇ ਵੀ ਨਹੀਂ ਆਇਆ ਡਾਕਟਰ
ਪੀੜਰ ਪਰਿਵਾਰ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ 24 ਜੁਲਾਈ ਨੂੰ ਬੱਚੇ ਨੂੰ ਸਵੇਰੇ 7 ਕੁ ਵਜੇ ਲੈ ਕੇ ਗਏ ਤਾਂ ਡਾਕਟਰ ਨੇ ਬੱਚੇ ਦਾ ਇਲਾਜ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਵਾਰ-ਵਾਰ ਪਰਿਵਾਰ ਵਲੋਂ ਬੇਨਤੀ ਕਰਨ ‘ਤੇ ਵੀ ਡਾਕਟਰ ਬੱਚੇ ਦਾ ਇਲਾਜ ਕਰਨ ਨਹੀਂ ਆਇਆ। ਜਿਸਦੇ ਚਲਦੇ ਬੱਚੇ ਦੀ ਉੱਥੇ ਹੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਜੇ ਡਾਕਟਰ ਆ ਜਾਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਉਕਤ ਡਾਕਟਰ ਸਰਕਾਰੀ ਨੌਕਰੀ ਕਰਦਾ ਹੈ, ਇਸ ਦੇ ਬਾਵਜੂਦ ਵੀ ਉਹ ਪ੍ਰਾਈਵੇਟ ਤੌਰ ‘ਤੇ ਬੱਚਿਆਂ ਦਾ ਇਲਾਜ ਕਰਨ ਨੂੰ ਤਰਜੀਹ ਦਿੰਦਾ ਹੈ, ਜਿਸ ਦੇ ਚਲਦੇ ਡਾਕਟਰ ਦੀ ਕਥਿੱਤ ਲਾਪਰਵਾਹੀ ਦੇ ਨਾਲ ਜ਼ਿਆਦਾਤਰ ਕੇਸ ਖਰਾਬ ਹੋ ਜਾਂਦੇ ਹਨ। ਅਤੇ ਇਸ ਦਾ ਖਮਿਆਜ਼ਾ ਮਾਪਿਆਂ ਨੂੰ ਭੁਗਤਣਾ ਪਿਆ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਡਾਕਟਰ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਪੀੜਤ ਪਰਿਵਾਰ ਨੇ ਪੁਲਿਸ ‘ਤੇ ਲਗਾਏ ਕਾਰਵਾਈ ਨਾ ਕਰਨ ਦੇ ਇਲਜ਼ਾਮ
ਮ੍ਰਿਤਕ ਬੱਚੇ ਦੇ ਮਾਪਿਆਂ ਨੇ ਇਸ ਸਬੰਧੀ ਥਾਣਾ ਪੁਲਿਸ ਸੁਨਾਮ ਨੂੰ ਵੀ ਦਰਖਾਸਤ ਦਿੱਤੀ ਹੈ ਪਰ ਉਨ੍ਹਾਂ ਦੀ ਇੱਥੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਮ੍ਰਿਤਕ ਬੱਚੇ ਦੀ ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਇਹ ਬੱਚਾ ਕਿਸੇ ਅਮੀਰ ਦਾ ਹੁੰਦਾ ਤਾਂ ਹੁਣ ਤੱਕ ਇਨਸਾਫ ਮਿਲ ਗਿਆ ਹੁੰਦਾ ਪਰ ਅਸੀਂ ਗਰੀਬ ਹਾਂ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।

ਸਰਕਾਰੀ ਡਾਕਟਰ ਦੀ ਸਨਾਮ ਸਥਿਤ ਕਲੀਨਿਕ (ਰਿਹਾਇਸ਼) ‘ਤੇ ਉਕਤ ਘਟਨਾ ਵਾਪਰਨ ਸਮੇਂ ਮੌਕੇ ‘ਤੇ ਮੌਜੂਦ ਲਹਿਰਾਗਾਗਾ ਦੇ ਹੀ ਕ੍ਰਿਸ਼ਨ ਲਾਲ ਨੇ ਵੀ ਆਪਣੇ ਬੱਚੇ ਦੀ ਪਰਚੀ ਦਿਖਾਉਂਦਿਆ ਦੱਸਿਆ ਕਿ ਉਹ ਵੀ 24 ਜੁਲਾਈ ਨੂੰ ਸਵੇਰੇ 6.30 ਵਜੇ ਦੇ ਕਰੀਬ ਡਾਕਟਰ ਕੋਲ ਆਪਣੇ ਬੱਚੇ ਦੀ ਦਵਾਈ ਲੈਣ ਗਿਆ ਸੀ। ਪਹਿਲਾਂ ਇਹ ਵੀ ਡਾਕਟਰ ਕੋਲ ਸਰਕਾਰੀ ਹਸਪਤਾਲ ਵਿੱਚ ਲਹਿਰਾਗਾਗਾ ਗਏ ਸੀ ਜਿਸ ਦੀ ਪਰਚੀ ਵੀ ਉਨ੍ਹਾਂ ਕੋਲ ਹੈ। ਇਨ੍ਹਾਂ ਨੇ ਦੱਸਿਆ ਕਿ ਸਾਨੂੰ ਵੀ ਕਿਸੇ ਨੇ ਦੱਸਿਆ ਕਿ ਆਪਣੀ ਪ੍ਰਾਈਵੇਟ ਰਹਾਇਸ਼ ‘ਤੇ ਡਾਕਟਰ ਵਧੀਆ ਤਰੀਕੇ ਨਾਲ ਮਰੀਜ਼ ਦੇਖਦਾ ਹੈ। ਜਿਸ ਕਰਕੇ ਅਸੀਂ ਵੀ ਡਾਕਟਰ ਦੀ ਪ੍ਰਾਈਵੇਟ ਰਿਹਾਇਸ਼ ‘ਤੇ ਆਪਣੇ ਬੱਚੇ ਦਾ ਇਲਾਜ ਕਰਾਉਣ ਆਏ ਸੀ, ਅਸੀਂ ਵੀ ਕੰਪਾਊਡਰ ਨੂੰ ਬੇਨਤੀਆਂ ਕੀਤੀਆਂ ਕਿ ਡਾਕਟਰ ਸਾਹਿਬ ਨੂੰ ਬੁਲਾ ਦਿਓ ਪਰ ਉਨਾਂ ਡਾਕਟਰ ਨੂੰ ਨਹੀਂ ਬੁਲਾਇਆ ਜਿਸ ਦੇ ਚਲਦਿਆਂ ਬੱਚੇ ਦੀ ਮੌਤ ਹੋ ਗਈ।
ਡਾਕਟਰ ਨੇ ਖੁਦ ‘ਤੇ ਲੱਗੇ ਇਲਜ਼ਾਮਾਂ ‘ਤੇ ਦਿੱਤਾ ਸਪਸ਼ਟੀਕਰਨ
ਇਸ ਮਾਮਲੇ ਸੰਬੰਧਿਤ ਜਦੋਂ ਕਥਿਤ ਡਾਕਟਰ ਨਾਲ ਗੱਲ ਕੀਤੀ ਗਈ। ਉਨ੍ਹਾਂ ਪੁੱਛਿਆ ਗਿਆ ਕਿ 23 ਜੁਲਾਈ ਨੂੰ ਬੱਚੇ ਨੂੰ ਦਵਾਈ ਦੇਣ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਯਾਦ ਨਹੀਂ, ਹੋ ਸਕਦਾ ਆਏ ਹੋਣ। ਇਸ ਦੇ ਨਾਲ ਹੀ ਪ੍ਰਾਈਵੇਟ ਪ੍ਰੈਕਟਿਸ ਕੀਤੇ ਜਾਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਡਿਊਟੀ ਤੋਂ ਬਾਅਦ ਮੈਂ ਇਨਸਾਨੀਅਤ ਦੇ ਨਾਤੇ ਮਰੀਜ਼ ਵੇਖ ਲੈਂਦਾ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਡਿਊਟੀ ਦਾ ਪੂਰਾ ਪਾਬੰਦ ਹਾਂ। ਡਾਕਟਰ ਨੇ ਅੱਗੇ ਕਿਹਾ ਕਿ ਮੇਰੇ ਵੱਲੋਂ ਕੋਈ 200 ਰੁਪਏ ਪਰਚੀ ਫੀਸ ਵੀ ਨਹੀਂ ਲਈ ਜਾਂਦੀ ਅਤੇ ਨਾ ਹੀ ਕੋਈ ਵਾਰੀ ਲੱਗਦੀ ਹੈ।
ਜਦੋਂਕਿ ਪੀੜਤ ਪਰਿਵਾਰ ਕੋਲ ਡਾਕਟਰ ਦਾ ਦਿੱਤਾ ਹੋਇਆ ਵਿਜਟਿੰਗ ਕਾਰਡ, ਸਾਫ ਕਾਗਜ ਅਤੇ ਤਾਰੀਖ ਦੀ ਮੋਹਰ ਲੱਗੀ ਪਰਚੀ ਵੀ ਮੌਜੂਦ ਹੈ। ਇਸ ਦੇ ਬਾਵਜੂਦ ਡਾਕਟਰ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ।