Floods in Punjab; ਭਾਰੀ ਮੀਂਹ ਮਗਰੋਂ ਰਾਵੀ ਤੇ ਬਿਆਸ ਦਰਿਆ ਵਿਚ ਵਧੇ ਪਾਣੀ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਲਪੇਟ ਵਿਚ ਲੈ ਲਿਆ ਹੈ। ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਫ਼ਾਜ਼ਿਲਕਾ ਤੇ ਫ਼ਿਰੋਜਪੁਰ ਦੇ ਕਰੀਬ 250 ਪਿੰਡ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਹਨ। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸੱਤ ਜ਼ਿਲ੍ਹਿਆਂ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਹੈ ਜਿਨ੍ਹਾਂ ’ਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਸ਼ਾਮਲ ਹਨ।
ਉਧਰ, ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ਵਿੱਚ ਪਾਣੀ ਦਾਖਲ ਹੋ ਗਿਆ ਹੈ। ਜਿਸ ਵਿੱਚ 400 ਦੇ ਕਰੀਬ ਬੱਚਿਆਂ ਸਮੇਤ ਟੀਚਰ ਵੀ ਫਸੇ ਹੋਏ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਸਾਂ ਸਕੂਲ ਨਹੀਂ ਪਹੁੰਚ ਰਹੀਆਂ। ਬਚਾਅ ਲਈ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਸੂਬਾ ਸਰਕਾਰ ਨੇ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 27 ਤੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪਠਾਨਕੋਟ ਦੇ ਪਿੰਡਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਭਾਰਤੀ ਹਵਾਈ ਫ਼ੌਜ ਨੂੰ ਬੁਲਾ ਲਿਆ ਹੈ ਤੇ ਫ਼ੌਜ ਨੇ ਧਰੁਵ ਹੈਲੀਕਾਪਟਰ ਦੀ ਮਦਦ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਪਿੰਡਾਂ ਵਿਚੋਂ ਦਰਜਨਾਂ ਵਿਅਕਤੀਆਂ ਨੂੰ ਏਅਰ ਲਿਫ਼ਟ ਵੀ ਕੀਤਾ ਹੈ। ਐਨਡੀਆਰਐਫ, ਐਸਡੀਐਫ ਤੋਂ ਇਲਾਵਾ ਫੌਜ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ। ਹੁਣ ਤੱਕ ਵੱਖ-ਵੱਖ ਥਾਵਾਂ ਤੋਂ 92 ਲੋਕਾਂ ਨੂੰ ਬਚਾਇਆ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਬੁੱਧਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਬਰਨਾਲਾ, ਸੰਗਰੂਰ ਅਤੇ ਮਾਨਸਾ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਸੀ। ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਦੇ ਬਾਵਜੂਦ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਵਧਿਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 5.1 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਫਰੀਦਕੋਟ ਵਿੱਚ ਦਰਜ ਕੀਤਾ ਗਿਆ।