ਗਾਇਕ ਗੀਤਾ ਜੈਲਦਾਰ ਦਾ ਕੱਪੜਾ ਦੁਕਾਨਦਾਰ ਨਾਲ ਵਿਵਾਦ, CCTV ‘ਚ ਥੱਪੜ ਮਾਰਦੇ ਆਏ ਨਜ਼ਰ
Phagwara Geeta Jaildar Shopkeeper Dispute; ਕਪੂਰਥਲਾ ਦੇ ਫਗਵਾੜਾ ਵਿੱਚ ਕੱਪੜਿਆਂ ਦੇ ਇੱਕ ਦੁਕਾਨਦਾਰ ਨਾਲ ਪੰਜਾਬੀ ਗਾਇਕ ਗੀਤਾ ਜੈਲਦਾਰ ਦਾ ਵਿਵਾਦ ਹੋ ਗਿਆ। ਦੁਕਾਨਦਾਰ ਨੇ ਦੋਸ਼ ਲਗਾਇਆ ਹੈ ਕਿ ਗਾਇਕ ਅਤੇ ਉਸਦੇ ਬਾਊਂਸਰ ਦੁਕਾਨ ਵਿੱਚ ਘੁੱਸ ਕੇ ਮਾਰ-ਕੁੱਟ ਕੀਤੀ। ਇਸ ਸਬੰਧੀ ਸ਼ਿਕਾਇਤ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਵਿਵਾਦ ਖਰੀਦੇ ਗਏ ਕੱਪੜੇ ਨੂੰ ਵਾਪਸ ਕਰਨ ਨੂੰ ਲੈ ਕੇ ਹੋਇਆ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕ ਜੈਲਦਾਰ ਦੁਕਾਨਦਾਰ ਨਾਲ ਬਹਿਸ ਕਰਨ ਤੋਂ ਬਾਅਦ ਉਸਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੁਕਾਨਦਾਰ ਦੇ ਪਿਤਾ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਦੁਕਾਨਦਾਰ ਨੇ ਪੂਰਾ ਮਾਮਲਾ 5 ਬਿੰਦੂਆਂ ਵਿੱਚ ਦੱਸਿਆ:
- ਢਾਈ ਮਹੀਨੇ ਪਹਿਲਾਂ ਕੁੜਤਾ-ਚਾਦਰਾ ਖਰੀਦਿਆ:
‘ਲਾਡੀ ਦੀ ਹੱਟੀ’ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਗਾਇਕ ਗੀਤਾ ਜੈਲਦਾਰ ਨੇ ਢਾਈ ਮਹੀਨੇ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਲਗਭਗ 2 ਹਜ਼ਾਰ ਰੁਪਏ ਦਾ ਕੁੜਤਾ-ਚਾਦਰਾ ਖਰੀਦਿਆ ਸੀ। ਹੁਣ ਉਹ ਇਸਨੂੰ ਵਾਪਸ ਕਰਨ ਲਈ ਸ਼ਨੀਵਾਰ ਨੂੰ ਦੁਕਾਨ ‘ਤੇ ਆਏ।
- ਕੱਪੜਾ ਬਦਲਣ ਦੀ ਗੱਲ ਕਹੀ:
ਦੁਕਾਨਦਾਰ ਮੁਤਾਬਕ ਜੈਲਦਾਰ ਨੇ ਆਉਂਦੇ ਹੀ ਕਿਹਾ ਕਿ ਉਨ੍ਹਾਂ ਨੂੰ ਘਟੀਆ ਕੱਪੜਾ ਦਿੱਤਾ ਗਿਆ ਹੈ। ਇਸ ‘ਤੇ ਨਿਸ਼ਾਂਤ ਨੇ ਕਿਹਾ ਕਿ ਉਹ ਕੱਪੜਾ ਬਦਲ ਦੇਣਗੇ, ਪਰ ਗਾਇਕ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਨਾਲ ਆਏ ਲੋਕਾਂ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ।
- ਕੱਪੜੇ ਦੀ ਕੋਈ ਗਾਰੰਟੀ ਨਹੀਂ ਹੁੰਦੀ:
ਨਿਸ਼ਾਂਤ ਨੇ ਕਿਹਾ ਕਿ ਕੱਪੜਿਆਂ ਦੀ ਕੋਈ ਗਾਰੰਟੀ ਨਹੀਂ ਹੁੰਦੀ। ਕਈ ਵਾਰ ਕੱਪੜਾ ਖਰਾਬ ਵੀ ਨਿਕਲ ਸਕਦਾ ਹੈ, ਪਰ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ।
- ਥੱਪੜ ਮਾਰੇ, ਕਮੀਜ਼ ਦਾ ਬਟਨ ਟੁੱਟਿਆ:
ਦੁਕਾਨਦਾਰ ਦੇ ਅਨੁਸਾਰ, ਜਦੋਂ ਵਾਪਸੀ ਨਹੀਂ ਹੋਈ ਤਾਂ ਵਿਵਾਦ ਵੱਧ ਗਿਆ। ਗਾਇਕ ਦੇ ਨਾਲ ਆਏ 11-12 ਲੋਕਾਂ ਨੇ ਬਦਸਲੂਕੀ ਕੀਤੀ। ਗਾਇਕ ਨੇ ਉਨ੍ਹਾਂ ਨੂੰ ਥੱਪੜ ਮਾਰੇ ਅਤੇ ਉਨ੍ਹਾਂ ਦੀ ਕਮੀਜ਼ ਦਾ ਬਟਨ ਵੀ ਟੁੱਟ ਗਿਆ।
- ਗੀਤਾ ਜੈਲਦਾਰ ਮਾਫ਼ੀ ਮੰਗਣ:
ਦੁਕਾਨ ਮਾਲਕ ਨੇ ਦੱਸਿਆ ਕਿ ਹੰਗਾਮੇ ਦੌਰਾਨ ਦੁਕਾਨ ਵਿੱਚ ਮਹਿਲਾ ਗਾਹਕ ਵੀ ਮੌਜੂਦ ਸਨ, ਪਰ ਗਾਇਕ ਅਤੇ ਉਸਦੇ ਸਾਥੀਆਂ ਨੇ ਇਸ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਅਪਸ਼ਬਦ ਵੀ ਕਹੇ। ਨਿਸ਼ਾਂਤ ਨੇ ਮੰਗ ਕੀਤੀ ਕਿ ਗੀਤਾ ਜੈਲਦਾਰ ਇਸ ਮਾਮਲੇ ਵਿੱਚ ਮਾਫ਼ੀ ਮੰਗਣ।