Strong action in Pathankot: ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਜਾ ਰਹੀ ‘ਜੀਵਨ ਜੋਤੀ ਮੁਹਿੰਮ’ ਤਹਿਤ, ਜਿਲ੍ਹਾ ਬਾਲ ਸੁਰੱਖਿਆ ਵਿਭਾਗ ਨੇ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੇਡ ਕਰਦਿਆਂ ਬਾਲ ਭਿੱਖਿਆ ਨੂੰ ਰੋਕਣ ਲਈ ਵੱਡੀ ਕਾਰਵਾਈ ਅੰਜਾਮ ਦਿੱਤੀ।
ਸ਼ਨੀਦੇਵ ਮੰਦਰ ਨੇੜੇ ਭਿੱਖ ਮੰਗ ਰਹੀ ਇਕ ਬੱਚੀ ਨੂੰ ਕਾਬੂ ਕੀਤਾ ਗਿਆ
ਰੇਡ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਨੇ ਸ਼ਨੀਦੇਵ ਮੰਦਰ ਦੇ ਨੇੜੇ ਇੱਕ ਭਿੱਖ ਮੰਗ ਰਹੀ ਬੱਚੀ ਨੂੰ ਫੜ ਕੇ ਉਸ ਦੇ ਰਿਸ਼ਤੇਦਾਰਾਂ ਨੂੰ ਕਾਬੂ ਕੀਤਾ। ਬੱਚੀ ਦੇ ਮਾਪਿਆਂ ਵੱਲੋਂ ਸੰਬੰਧਿਤ ਦਸਤਾਵੇਜ਼ ਪੇਸ਼ ਨਾ ਕਰਨ ਦੇ ਚਲਦੇ, ਵਿਭਾਗ ਨੇ ਡੀਐਨਏ ਟੈਸਟ ਕਰਵਾਉਣ ਦੀ ਸਿਫਾਰਸ਼ ਕੀਤੀ ਹੈ।
ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਹੋਈ ਰੇਡ
ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਹ ਕਾਰਵਾਈ ਸਿਟੀ ਪਠਾਨਕੋਟ ਦੇ ਮੱਖਣ ਚੌਕ, ਬੱਸ ਅੱਡਾ, ਰੇਲਵੇ ਸਟੇਸ਼ਨ, ਮੰਦਿਰਾਂ ਅਤੇ ਗੁਰਦੁਆਰਿਆਂ ਦੇ ਨੇੜੇ ਕੀਤੀ ਗਈ, ਜਿੱਥੇ ਅਕਸਰ ਬੱਚੇ ਭਿੱਖ ਮੰਗਦੇ ਪਾਏ ਜਾਂਦੇ ਹਨ। ਕਈ ਬੱਚਿਆਂ ਨੂੰ ਰੇਡ ਦੌਰਾਨ ਰੋਕ ਕੇ ਉਨ੍ਹਾਂ ਦੇ ਮਾਪਿਆਂ ਨਾਲ ਪੁੱਛਗਿੱਛ ਕੀਤੀ ਗਈ। ਜਿਨ੍ਹਾਂ ਕੋਲ ਸਹੀ ਕਾਗਜ਼ਾਤ ਸਨ, ਉਨ੍ਹਾਂ ਨੂੰ ਹਦਾਇਤਾਂ ਦੇ ਕੇ ਛੱਡ ਦਿੱਤਾ ਗਿਆ।
ਬੱਚਿਆਂ ਨੂੰ ਭੇਜਿਆ ਜਾਵੇਗਾ ਸ਼ੈਲਟਰ ਹੋਮ
ਜਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਬੱਚਿਆਂ ਦੇ ਮਾਪਿਆਂ ਵੱਲੋਂ ਸੰਬੰਧਤ ਕਾਗਜ਼ ਪੇਸ਼ ਨਹੀਂ ਕੀਤੇ ਜਾਂਦੇ, ਉਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ, ਅਤੇ ਬੱਚਿਆਂ ਨੂੰ ਸ਼ੈਲਟਰ ਹੋਮਾਂ ਵਿੱਚ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
31 ਜੁਲਾਈ ਤੱਕ ਜਾਰੀ ਰਹੇਗੀ ਮੁਹਿੰਮ
ਬਾਲ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਹ ਮੁਹਿੰਮ 31 ਜੁਲਾਈ 2025 ਤੱਕ ਜਾਰੀ ਰਹੇਗੀ, ਜਿਸ ਦੌਰਾਨ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਰੇਡਾਂ ਕੀਤੀਆਂ ਜਾਣਗੀਆਂ। ਜੋ ਮਾਪੇ ਆਪਣੇ ਬੱਚਿਆਂ ਨੂੰ ਭਿੱਖ ਮੰਗਵਾਉਣ ਵਿੱਚ ਲੱਗੇ ਹੋਏ ਪਾਏ ਜਾਂਦੇ ਹਨ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾ ਕੇ ਮੁੱਖ ਧਾਰਾ ਵਿੱਚ ਜੋੜਿਆ ਜਾਵੇਗਾ।
ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਕਿਸੇ ਬੱਚੇ ਨੂੰ ਭਿੱਖ ਮੰਗਦੇ ਜਾਂ ਸੜਕਾਂ ‘ਤੇ ਭਟਕਦੇ ਦੇਖਣ, ਤਾਂ ਤੁਰੰਤ ਚਾਈਲਡਲਾਈਨ 1098 ਜਾਂ ਨਜ਼ਦੀਕੀ ਬਾਲ ਸੁਰੱਖਿਆ ਦਫ਼ਤਰ ਨੂੰ ਸੂਚਿਤ ਕਰਨ।