ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀ ਪਹੁੰਚੇ DC ਦਫ਼ਤਰ, ਰੋਲ ਨੰਬਰ ਨਾ ਦੇਣ ‘ਤੇ ਜਤਾਇਆ ਰੋਸ
Ranbir College Students; ਸੰਗਰੂਰ ਦੇ ਸਰਕਾਰੀ ਰਣਵੀਰ ਕਾਲਜ ਦੇ ਸੈਂਕੜੇ ਵਿਦਿਆਰਥੀ ਅੱਜ ਵੱਡੀ ਗਿਣਤੀ ਵਿੱਚ ਡੀਸੀ ਦਫ਼ਤਰ ਸੰਗਰੂਰ ਪਹੁੰਚੇ। ਬੱਚਿਆਂ ਦੀ ਮੰਗ ਹੈ ਕਿ ਫੀਸ ਭਰਨ ਦੇ ਬਾਵਜੂਦ ਵੀ ਉਹਨਾਂ ਦੇ ਰੋਲ ਨੰਬਰ ਨਹੀਂ ਆਏ, ਜਿਸ ਕਾਰਨ 27 ਤਰੀਕ ਨੂੰ ਹੋਣ ਵਾਲੇ ਪੇਪਰਾਂ ਵਿੱਚ ਉਹ ਸ਼ਾਮਲ ਨਹੀਂ ਹੋ ਸਕਣਗੇ ਅਤੇ ਉਹਨਾਂ ਦਾ ਭਵਿੱਖ ਖ਼ਤਰੇ ਵਿੱਚ ਹੈ।
ਬੱਚਿਆਂ ਦਾ ਕਹਿਣਾ ਹੈ ਕਿ ਉਹ ਸਕਾਲਰਸ਼ਿਪ ਵਾਲੇ ਸਟੂਡੈਂਟ ਹਨ ਅਤੇ ਉਹਨਾਂ ਨੇ 15000 ਰੁਪਏ ਫੀਸ ਅਗਸਤ ਮਹੀਨੇ ਵਿੱਚ ਹੀ ਆਨਲਾਈਨ ਜਮ੍ਹਾਂ ਕਰਵਾ ਦਿੱਤੀ ਸੀ ਪਰ ਕਾਲਜ ਨੇ ਉਹ ਫੀਸ ਯੂਨੀਵਰਸਿਟੀ ਵਿੱਚ ਟ੍ਰਾਂਸਫਰ ਨਹੀਂ ਕੀਤੀ। ਹੁਣ ਕਾਲਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਦੁਬਾਰਾ 20000 ਤੋਂ 25000 ਰੁਪਏ ਤੱਕ ਜੁਰਮਾਨੇ ਸਮੇਤ ਫੀਸ ਭਰੋ, ਨਹੀਂ ਤਾਂ ਰੋਲ ਨੰਬਰ ਜਾਰੀ ਨਹੀਂ ਹੋਣਗੇ। ਬੱਚਿਆਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਅਸੀਂ ਪਹਿਲਾਂ ਹੀ ਫੀਸ ਦੇ ਦਿੱਤੀ ਤਾਂ ਗਲਤੀ ਸਾਡੀ ਨਹੀਂ, ਕਾਲਜ ਦੀ ਹੈ। ਇਸ ਲਈ ਸਾਡਾ ਭਵਿੱਖ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?
ਦੂਜੇ ਪਾਸੇ ਕਾਲਜ ਦੇ ਕਲਰਕ ਹਰਦੀਪ ਸਿੰਘ ਨੇ ਕਿਹਾ ਹੈ ਕਿ ਬੱਚਿਆਂ ਨੂੰ ਕਈ ਵਾਰ ਟਰਾਂਸੈਕਸ਼ਨ ਆਈਡੀ ਕਨਫਰਮ ਕਰਨ ਲਈ ਨੋਟਿਸ ਭੇਜੇ ਗਏ ਪਰ ਬੱਚਿਆਂ ਨੇ ਫੀਸ ਦੀ ਕਨਫਰਮੇਸ਼ਨ ਨਹੀਂ ਕਰਵਾਈ, ਇਸ ਲਈ ਰੋਲ ਨੰਬਰ ਰੁਕੇ ਹੋਏ ਹਨ। ਉਹਨਾਂ ਕਿਹਾ ਕਿ ਜੇ ਬੱਚੇ ਡੀਸੀ ਸਾਹਿਬ ਨੂੰ ਮਿਲ ਕੇ ਬੇਨਤੀ ਕਰਨ ਤਾਂ ਹੋ ਸਕਦਾ ਹੈ ਕੋਈ ਹੱਲ ਨਿਕਲ ਆਵੇ ਅਤੇ ਉਹਨਾਂ ਦਾ ਇੱਕ ਸਾਲ ਬਚ ਸਕੇ।
ਪਰ ਉਲਟ ਇਸਦੇ ਜਦੋਂ ਬੱਚੇ ਡੀਸੀ ਕੰਪਲੈਕਸ ਪਹੁੰਚੇ ਤਾਂ ਨਾ ਡੀਸੀ ਸਾਹਿਬ, ਨਾ ਏਡੀਸੀ ਅਤੇ ਨਾ ਐਸਡੀਐਮ ਸਾਹਿਬ ਦਫ਼ਤਰ ਵਿੱਚ ਮੌਜੂਦ ਸਨ, ਜਿਸ ਕਾਰਨ ਬੱਚੇ ਹੋਰ ਵੀ ਜ਼ਿਆਦਾ ਨਿਰਾਸ਼ ਤੇ ਪਰੇਸ਼ਾਨ ਹੋਏ। ਬੱਚਿਆਂ ਨੇ ਭਾਵੁਕ ਹੋ ਕੇ ਕਿਹਾ ਕਿ ਅਸੀਂ ਗਰੀਬ ਪਰਿਵਾਰਾਂ ਤੋਂ ਹਾਂ, ਸਕਾਲਰਸ਼ਿਪ ‘ਤੇ ਪੜ੍ਹਦੇ ਹਾਂ। ਹੁਣ ਇਸ ਵਿੱਚ ਸਾਡਾ ਕੀ ਕਸੂਰ? ਜੇ ਰੋਲ ਨੰਬਰ ਨਾ ਆਏ ਤਾਂ ਸਾਡਾ ਇੱਕ ਸਾਲ ਬਰਬਾਦ ਹੋ ਜਾਵੇਗਾ।