National Board of Examinations NEET: ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ 27 ਮਈ 2025 ਨੂੰ ਪ੍ਰੀਖਿਆ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ।
NEET PG Exam Date Announced: NEET-PG 2025 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਨੇ NEET PG ਪ੍ਰੀਖਿਆ ਕਰਵਾਉਣ ਲਈ 3 ਅਗਸਤ ਦੀ ਮਿਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਇਹ ਪ੍ਰੀਖਿਆ 15 ਜੂਨ ਨੂੰ ਹੋਣੀ ਸੀ, ਪਰ NBE ਨੇ 3 ਅਗਸਤ ਨੂੰ ਪ੍ਰੀਖਿਆ ਕਰਵਾਉਣ ਦੀ ਇਜਾਜ਼ਤ ਮੰਗਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ (NBE) ਵੱਲੋਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ‘ਤੇ ਸੁਣਵਾਈ ਹੋਈ, ਜਿਸ ਵਿੱਚ NEET PG ਪ੍ਰੀਖਿਆ 3 ਅਗਸਤ ਨੂੰ ਕਰਵਾਉਣ ਦੀ ਇਜਾਜ਼ਤ ਮੰਗੀ ਗਈ ਸੀ। ਅਦਾਲਤ ਨੇ ਹੁਣ 3 ਅਗਸਤ ਦੀ ਤਾਰੀਖ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੀਖਿਆ ਹੁਣ ਦੇਸ਼ ਭਰ ਵਿੱਚ ਇੱਕ ਹੀ ਸ਼ਿਫਟ ਵਿੱਚ ਲਈ ਜਾਵੇਗੀ।
NEET-PG ਪ੍ਰੀਖਿਆ 3 ਅਗਸਤ ਨੂੰ
ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (NBE) ਨੂੰ NEET PG (ਪੋਸਟ ਗ੍ਰੈਜੂਏਟ) ਪ੍ਰੀਖਿਆ 3 ਅਗਸਤ, 2025 ਨੂੰ ਕਰਵਾਉਣ ਲਈ ਸਮਾਂ ਸੀਮਾ ਵਧਾ ਦਿੱਤੀ ਹੈ। ਇਹ ਪ੍ਰੀਖਿਆ ਪਹਿਲਾਂ ਇਸ ਸਾਲ 15 ਜੂਨ ਨੂੰ ਹੋਣੀ ਸੀ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਇਸ ਸਬੰਧ ਵਿੱਚ NBE ਨੂੰ ਕੋਈ ਹੋਰ ਸਮਾਂ ਸੀਮਾ ਨਹੀਂ ਦਿੱਤੀ ਜਾਵੇਗੀ।
ਇੱਕ ਸ਼ਿਫਟ ‘ਚ ਲਈ ਜਾਵੇਗੀ ਪ੍ਰੀਖਿਆ
30 ਮਈ ਨੂੰ, ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ NEET PG ਪ੍ਰੀਖਿਆ ਸਿਰਫ ਇੱਕ ਸ਼ਿਫਟ ਵਿੱਚ ਲਈ ਜਾਵੇ। ਇਸ ਤੋਂ ਬਾਅਦ, NBE ਨੇ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਪ੍ਰੀਖਿਆ ਨੂੰ ਬਾਅਦ ਦੀ ਤਰੀਕ ਤੱਕ ਮੁੜ ਤਹਿ ਕਰਨ ਲਈ ਸਮਾਂ ਵਧਾਉਣ ਦੀ ਮੰਗ ਕੀਤੀ ਕਿਉਂਕਿ ਸਿੰਗਲ-ਸ਼ਿਫਟ ਆਦੇਸ਼ ਦੀ ਪਾਲਣਾ ਕਰਨ ਲਈ ਨਵੇਂ ਪ੍ਰਬੰਧ ਕਰਨੇ ਪੈਣਗੇ।
ਦੱਸ ਦੇਈਏ ਕਿ ਇਸ ਵਾਰ NEET-PG ਪ੍ਰੀਖਿਆ ਦੇ ਪੈਟਰਨ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। NEET-PG ਹੁਣ ਦੇਸ਼ ਭਰ ਵਿੱਚ ਇੱਕ ਹੀ ਸ਼ਿਫਟ ਵਿੱਚ ਕਰਵਾਇਆ ਜਾਵੇਗਾ, ਜੋ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇਗਾ। NBE ਵੱਲੋਂ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਉਣ ਦੇ ਪ੍ਰਸਤਾਵ ਨੂੰ ਸੁਪਰੀਮ ਕੋਰਟ ਵੱਲੋਂ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ।
ਵਿਦਿਆਰਥੀਆਂ ਨੂੰ ਲਾਭ
NBE ਨੇ ਅਦਾਲਤ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਇੱਕ ਹੀ ਸ਼ਿਫਟ ਵਿੱਚ ਪ੍ਰੀਖਿਆ ਕਰਵਾਉਣ ਲਈ ਤਕਨੀਕੀ ਅਤੇ ਲੌਜਿਸਟਿਕਲ ਪੱਧਰ ‘ਤੇ ਵੱਡੀ ਤਿਆਰੀ ਦੀ ਲੋੜ ਹੁੰਦੀ ਹੈ। ਤਾਰੀਖ ਬਦਲਣ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਤਿਆਰੀ ਲਈ ਵਾਧੂ ਸਮਾਂ ਮਿਲੇਗਾ, ਸਗੋਂ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਕੇਂਦਰ ਚੁਣਨ ਦਾ ਮੌਕਾ ਵੀ ਦਿੱਤਾ ਜਾਵੇਗਾ।